ਫਾਜ਼ਿਲਕਾ, 13 ਮਈ 2025 Aj DI Awaaj
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਇਕ ਹੋਰ ਵੱਡਾ ਕਦਮ ਚੁੱਕਦਿਆਂ ਹੁਣ ਜਿਲ੍ਹੇ ਦੇ ਨਾਗਰਿਕ ਟਰਾਂਸਪੋਰਟ ਵਿਭਾਗ ਨਾਲ ਸਬੰਧਿਤ 29 ਤਰ੍ਹਾਂ ਦੀਆਂ ਸੇਵਾਵਾਂ ਸਿੱਧੇ ਤੌਰ ਤੇ ਆਪਣੇ ਨੇੜਲੇ ਸੇਵਾ ਕੇਂਦਰਾਂ ਤੋਂ ਹਾਸਲ ਕਰ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੀਜ਼ਨਲ ਟਰਾਂਸਪੋਰਟ ਅਫਸਰ (ਆਰ.ਟੀ. ਓ) ਮੈਡਮ ਵੀਰਪਾਲ ਕੌਰ ਨੇ ਦੱਸਿਆ ਕਿ ਇਹ ਕਦਮ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਹੋਰ ਵਧੀਆ ਬਣਾਉਣ ਅਤੇ ਆਮ ਲੋਕਾਂ ਨੂੰ ਘਰ ਦੇ ਨੇੜੇ ਹੀ ਸਰਲ ਢੰਗ ਨਾਲ ਸਰਕਾਰੀ ਸੇਵਾਵਾਂ ਉਪਲਬਧ ਕਰਵਾਉਣ ਦੇ ਉਦੇਸ਼ ਹੇਠ ਚੁੱਕਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਅਤੇ ਸੇਵਾ ਸਹਾਇਕਾਂ ਨੂੰ ਟਰਾਂਸਪੋਰਟ ਵਿਭਾਗ ਨਾਲ ਸਬੰਧਤ 29 ਸੇਵਾਵਾਂ ਬਾਰੇ ਵਿਸਥਾਰਪੂਰਕ ਟਰੇਨਿੰਗ ਦਿੱਤੀ ਗਈ ਹੈ, ਤਾਂ ਜੋ ਉਹ ਨਾਗਰਿਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਇਹ ਸੇਵਾਵਾਂ ਦੇ ਸਕਣ। ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਨਾਗਰਿਕ ਆਪਣੇ ਡਰਾਇਵਿੰਗ ਲਾਇਸੰਸ ਜਾਂ ਵਹੀਕਲ ਦੀ ਰਜਿਸਟਰੇਸ਼ਨ ਸਬੰਧੀ ਸੇਵਾਵਾਂ ਲਈ ਜ਼ਰੂਰੀ ਦਸਤਾਵੇਜ਼ ਲੈ ਕੇ ਆਪਣੇ ਨੇੜਲੇ ਸੇਵਾ ਕੇਂਦਰ ਰਾਹੀਂ ਅਸਾਨੀ ਨਾਲ ਅਰਜ਼ੀ ਦੇ ਸਕੇਗਾ। ਇਹ ਵਿਅਕਤੀਗਤ ਤੌਰ ‘ਤੇ ਦਫ਼ਤਰ ਰੀਜ਼ਨਲ ਟਰਾਂਸਪੋਰਟ ਅਫਸਰ ਜਾਣ ਦੀ ਲੋੜ ਨੂੰ ਘਟਾਏਗਾ ਅਤੇ ਸਮੇਂ ਦੀ ਵੀ ਬਚਤ ਹੋਵੇਗੀ। ਇਨ੍ਹਾਂ 29 ਸੇਵਾਵਾਂ ਵਿੱਚ ਡਰਾਇਵਿੰਗ ਲਾਇਸੰਸ ਜਾਰੀ ਕਰਵਾਉਣਾ, ਨਵੀਨੀਕਰਨ, ਡੁਪਲੀਕੇਟ ਲਾਇਸੰਸ, ਲਾਇਸੰਸ ਵਿੱਚ ਸ਼੍ਰੇਣੀ ਜੁੜਵਾਉਣੀ, ਵਹੀਕਲ ਦੀ ਰਜਿਸਟਰੇਸ਼ਨ, ਰਜਿਸਟਰੇਸ਼ਨ ਸਰਟੀਫਿਕੇਟ ਵਿੱਚ ਪਤਾ ਬਦਲ, ਡੁਪਲੀਕੇਟ, ਫਾਈਨੈਂਸ ਹਟਾਉਣਾ ਜਾਂ ਜੁੜਵਾਉਣਾ, ਨਾਂ ਤਬਦੀਲੀ ਅਤੇ ਹੋਰ ਕਈ ਆਵਸ਼ਕ ਸੇਵਾਵਾਂ ਸ਼ਾਮਲ ਹਨ।
ਆਰ ਟੀ ਓ ਵੀਰਪਾਲ ਕੌਰ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਨਾਗਰਿਕਾਂ ਨੂੰ ਟੈਕਨੋਲੋਜੀ ਰਾਹੀਂ ਤੇਜ਼, ਪਾਰਦਰਸ਼ੀ ਅਤੇ ਲਾਭਕਾਰੀ ਸੇਵਾਵਾਂ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਨੂੰ ਸਮਰਥ ਬਣਾਇਆ ਗਿਆ ਹੈ ਅਤੇ ਮੁਲਾਜ਼ਮਾਂ ਨੂੰ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ, ਤਾਂ ਜੋ ਕੋਈ ਵੀ ਨਾਗਰਿਕ ਲੰਬੀ ਉਡੀਕ ਜਾਂ ਝੰਜਟ ਤੋਂ ਬਿਨਾਂ ਆਪਣੀ ਸੇਵਾ ਲੈ ਸਕੇ। ਉਨ੍ਹਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਸੇਵਾ ਕੇਂਦਰ ਜਾਂ ਪੰਜਾਬ ਸਰਕਾਰ ਦੀ ਸਰਕਾਰੀ ਵੈੱਬਸਾਈਟ ਰਾਹੀਂ ਜਾਣਕਾਰੀ ਲੈ ਕੇ ਇਹ ਸੇਵਾਵਾਂ ਲੈਣ ਦੀ ਪ੍ਰਕਿਰਿਆ ਨੂੰ ਅਪਣਾਉਣ। ਇਹ ਯਤਨ ਪੰਜਾਬ ਸਰਕਾਰ ਦੇ ਆਮ ਲੋਕਾਂ ਦੀ ਜੀਵਨ ਰੀਤ ਨੂੰ ਹੋਰ ਸੁਵਿਧਾਜਨਕ ਅਤੇ ਆਸਾਨ ਬਣਾਉਣ ਵੱਲ ਵਧ ਰਹੀ ਹੈ।
ਇਸ ਮੌਕੇ ਸਹਾਇਕ ਟਰਾਂਸਪੋਰਟ ਅਫਸਰ ਗੁਰਪਾਲ ਸਿੰਘ ਬਰਾੜ, ਜਿਲ੍ਹਾ ਆਈ.ਟੀ ਮੇਨੈਜਰ ਜਸਕਰਨ ਸਿੰਘ, ਸੇਵਾ ਕੇਂਦਰ ਜਿਲ੍ਹਾ ਮੇਨੈਜਰ ਕੁਨਾਲ ਗੁੰਬਰ, ਸਹਾਇਕ ਜਿਲ੍ਹਾ ਮੇਨੈਜਰ ਸੇਵਾ ਕੇਂਦਰ ਨਵਦੀਪ ਗਰੋਵਰ ਅਤੇ ਸੁਨੀਲ ਵੱਢੇਰਾ ਕਲਰਕ ਆਰ ਟੀ ਓ ਦਫਤਰ ਮੌਜੂਦ ਸਨ |
ਇਸ ਮੌਕੇ ਸਹਾਇਕ ਟਰਾਂਸਪੋਰਟ ਅਫਸਰ ਗੁਰਪਾਲ ਸਿੰਘ ਬਰਾੜ, ਜਿਲ੍ਹਾ ਆਈ.ਟੀ ਮੇਨੈਜਰ ਜਸਕਰਨ ਸਿੰਘ, ਸੇਵਾ ਕੇਂਦਰ ਜਿਲ੍ਹਾ ਮੇਨੈਜਰ ਕੁਨਾਲ ਗੁੰਬਰ, ਸਹਾਇਕ ਜਿਲ੍ਹਾ ਮੇਨੈਜਰ ਸੇਵਾ ਕੇਂਦਰ ਨਵਦੀਪ ਗਰੋਵਰ ਅਤੇ ਸੁਨੀਲ ਵੱਢੇਰਾ ਕਲਰਕ ਆਰ ਟੀ ਓ ਦਫਤਰ ਮੌਜੂਦ ਸਨ |
