ਹੁਸ਼ਿਆਰਪੁਰ, 26 ਜੁਲਾਈ 2025 AJ DI Awaaj
Punjab Desk : ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਵਿਧਾਨ ਸਭਾ ਹਲਕਾ ਸ਼ਾਮ ਚੌਰਾਸੀ ਅਧੀਨ ਪੈਂਦੇ ਪਿੰਡ ਸੂਸਾਂ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ। ਪਿੰਡ ਵਿੱਚ ਆਯੋਜਿਤ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਾਮ ਚੌਰਾਸੀ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸਾਲਾਂ ਤੋਂ ਲਟਕ ਰਹੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।
ਡਾ. ਰਵਜੋਤ ਸਿੰਘ ਨੇ ਇਸ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਹਰਗੜ੍ਹ ਦੇ ਚੋਅ ਅਤੇ ਪਿੰਡ ਡਡਿਆਣਾ ਦੇ ਚੋਅ ‘ਤੇ ਪੁਲਾਂ ਦੇ ਨਿਰਮਾਣ ਲਈ ਪ੍ਰਸਤਾਵ ਸੂਬਾ ਸਰਕਾਰ ਨੂੰ ਭੇਜੇ ਗਏ ਹਨ ਅਤੇ ਜਲਦੀ ਹੀ ਇਨ੍ਹਾਂ ਨੂੰ ਪ੍ਰਵਾਨਗੀ ਮਿਲ ਜਾਵੇਗੀ। ਇਨ੍ਹਾਂ ਪੁਲਾਂ ਦੇ ਨਿਰਮਾਣ ਨਾਲ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਆਉਣ-ਜਾਣ ਵਿੱਚ ਆ ਰਹੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ।
ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਦੱਸਿਆ ਕਿ ਕੰਢੀ ਦੇ ਪਿੰਡ ਮਾਹਿੰਗਰੋਵਾਲ ਤੋਂ ਤਖਣੀ ਜਾਣ ਵਾਲੀ ਸੜਕ ‘ਤੇ ਪੁਲ ਬਣਾਉਣ ਦਾ ਪ੍ਰਸਤਾਵ ਪਾਸ ਹੋ ਚੁੱਕਾ ਹੈ। ਇਹ ਪੁੱਲ ਕੰਢੀ ਖੇਤਰ ਦੇ ਵਸਨੀਕਾਂ ਨੂੰ ਵੱਡੀ ਰਾਹਤ ਦੇਵੇਗਾ, ਜੋ ਹੁਣ ਤੱਕ ਮੁੱਢਲੇ ਬੁਨਿਆਦੀ ਢਾਂਚੇ ਦੀ ਘਾਟ ਤੋਂ ਪ੍ਰਭਾਵਿਤ ਹੋ ਰਹੇ ਹਨ।
ਡਾ. ਰਵਜੋਤ ਸਿੰਘ ਨੇ ਇਸ ਮੌਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਵਿਕਾਸ ਦੀ ਇਸ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਹਰ ਪਿੰਡ ਨੂੰ ਪੱਕੀਆਂ ਸੜਕਾਂ, ਡਰੇਨੇਜ, ਸਫਾਈ ਅਤੇ ਮੁੱਢਲੀਆਂ ਸਹੂਲਤਾਂ ਨਾਲ ਜੋੜਿਆ ਜਾਵੇਗਾ। ਇਸ ਦੌਰਾਨ ਪਿੰਡ ਵਾਸੀਆਂ ਨੇ ਇਲਾਕੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਮ ਚੌਰਾਸੀ ਇੱਕ ਵਿਕਸਤ ਵਿਧਾਨ ਸਭਾ ਹਲਕੇ ਵਜੋਂ ਉਭਰੇਗਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ, ਧਰਮਿੰਦਰ ਸਿੰਘ ਸੱਜਣ, ਮਨੀਸ਼ ਠਾਕੁਰ ਸਮੇਤ ਪਿੰਡ ਦੇ ਕਈ ਪਤਵੰਤੇ ਵੀ ਮੌਜੂਦ ਸਨ।
