ਹਲਕਾ ਸੁਨਾਮ ਵਿੱਚ ਵਿਕਾਸ ਕਾਰਜਾਂ ਸਬੰਧੀ ਨਹੀਂ ਰਹਿਣ ਦਿੱਤੀ ਜਾ ਰਹੀ ਕੋਈ ਕਮੀ: ਅਮਨ ਅਰੋੜਾ

74

ਸੰਗਰੂਰ/ ਸੁਨਾਮ, 23 ਜੂਨ 2025 AJ DI Awaaj

Punjab Desk : ਸ਼ਹੀਦ ਊਧਮ ਸਿੰਘ ਦੀ ਧਰਤੀ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਵਿਕਾਸ ਕਾਰਜਾਂ ਸਬੰਧੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ ਤੇ ਵਿਕਾਸ ਕਾਰਜਾਂ ਲਈ ਫੰਡ ਬੇਰੋਕ ਦਿੱਤੇ ਜਾ ਰਹੇ ਹਨ ਤਾਂ ਜੋ ਇਹ ਹਲਕਾ ਇੱਕ ਮਿਸਾਲੀ ਹਲਕੇ ਵਜੋਂ ਉਭਰ ਕੇ ਸਾਹਮਣੇ ਆਵੇ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ ਪਿੰਡ ਉਪਲੀ, ਬਡਰੁੱਖਾਂ ਅਤੇ ਕੁਲਾਰ ਖੁਰਦ ਵਿਖੇ ਵਿਕਾਸ ਕਾਰਜਾਂ ਦੇ ਚੈੱਕ ਵੰਡਣ ਲਈ ਰੱਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮਾਂ ਵਿੱਚ ਸ਼ਿਰਕਤ ਕਰਦਿਆਂ ਕੀਤਾ। ਪਿੰਡ ਬਡਰੁੱਖਾਂ ਵਿਖੇ ਉਹਨਾਂ ਨੇ ਪੰਚਾਇਤ ਦੇ ਆਮ ਇਜਲਾਸ ਵਿੱਚ ਵੀ ਸ਼ਿਰਕਤ ਕੀਤੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਉਪਲੀ ਵਿਖੇ ਕਰੀਬ 14 ਲੱਖ 60 ਹਜ਼ਾਰ ਰੁਪਏ ਦਾ ਚੈੱਕ ਗੰਦੇ ਪਾਣੀ ਦੀ ਨਿਕਾਸੀ ਲਈ ਦਿੱਤਾ ਗਿਆ, ਜਿਸ ਤਹਿਤ 01 ਕਿਲੋਮੀਟਰ ਲੰਬੀ ਪਾਈਪ ਲਾਈਨ ਵੀ ਪਾਈ ਜਾਣੀ ਹੈ। ਇਸੇ ਤਰ੍ਹਾਂ ਪਿੰਡ ਬਡਰੁੱਖਾਂ ਵਿਖੇ ਗਲੀਆਂ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 47 ਲੱਖ ਰੁਪਏ ਅਤੇ ਪਿੰਡ ਕੁਲਾਰ ਖੁਰਦ ਵਿਖੇ 47 ਲੱਖ ਰੁਪਏ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰੋਜੈਕਟ ਲਈ ਦਿੱਤੇ ਗਏ ਹਨ।

ਸ਼੍ਰੀ ਅਰੋੜਾ ਨੇ ਦੱਸਿਆ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ, ਓਦੋਂ ਤੋਂ ਲੈ ਕੇ ਹੁਣ ਤਕ ਪਿੰਡ ਉਪਲੀ ਨੂੰ ਕਰੀਬ 02 ਕਰੋੜ 90 ਲੱਖ ਰੁਪਏ ਅਤੇ ਪਿੰਡ ਬਡਰੁੱਖਾਂ ਨੂੰ ਕਰੀਬ 08 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਦਿੱਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਕਈ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਦਾ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਕੰਮ ਸਿਰੇ ਚੜ੍ਹਦਾ ਕੀਤਾ ਜਾਵੇ। ਲੋਕਾਂ ਦੀ ਮੰਗ ਤੋਂ ਲੈ ਕੇ ਪ੍ਰੋਜੈਕਟ ਪਾਸ ਕਰਵਾਉਣ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ ਜਾਂਦਾ ਹੈ, ਉਸ ਉਪਰੰਤ ਫੰਡ ਜਾਰੀ ਹੁੰਦੇ ਹਨ। ਉਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਤੇ ਪੂਰਨ ਇਮਾਨਦਾਰੀ ਨਾਲ ਲੋਕਾਂ ਦੇ ਕਾਰਜਾਂ ‘ਤੇ ਹੀ ਲੱਗਣਾ ਚਾਹੀਦਾ ਹੈ।

ਇਸ ਮੌਕੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਬਹੁਤੀਆਂ ਮੁਸ਼ਕਲਾਂ ਮੌਕੇ ਉੱਤੇ ਹੀ ਅਧਿਕਾਰੀਆਂ ਨੂੰ ਹਦਾਇਤ ਕਰ ਕੇ ਹੱਲ ਕਰਵਾਈਆਂ ਗਈਆਂ ਤੇ ਬਾਕੀਆਂ ਦੇ ਹੱਲ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

ਇਸ ਮੌਕੇ ਬੀ.ਡੀ.ਪੀ.ਓ. ਗੁਰਦਰਸ਼ਨ ਸਿੰਘ, ਜੰਗੀਰ ਸਿੰਘ ਸਰਪੰਚ ਉਪਲੀ, ਅਵਤਾਰ ਸਿੰਘ ਤਾਰੀ ਉਪਲੀ, ਕੁਲਦੀਪ ਸਿੰਘ, ਰਣਦੀਪ ਸਿੰਘ ਮਿੰਟੂ ਸਰਪੰਚ ਬਡਰੁੱਖਾਂ, ਸਤਨਾਮ ਸਿੰਘ ਕਾਲਾ, ਜਸਵੀਰ ਸਿੰਘ ਜੱਸੀ, ਬਲਦੇਵ ਸਿੰਘ ਬਡਰੁੱਖਾਂ, ਹਰਿੰਦਰ ਸਿੰਘ ਸਰਪੰਚ ਕੁਲਾਰ ਖੁਰਦ, ਸ਼ਿਪੂ ਕੁਲਾਰ ਖੁਰਦ, ਕਾਲਾ ਸਿੰਘ, ਅਮਰੀਕ ਧਾਲੀਵਾਲ, ਮਨਿੰਦਰ ਸਿੰਘ ਸਰਪੰਚ ਲਖਮੀਰਵਾਲਾ ਹਾਜ਼ਰ ਸਨ।