Tarn Taran 09 Jan 2026 AJ DI Awaaj
Punjab Desk : ਠੰਡ ਤੋਂ ਬਚਣ ਲਈ ਕਮਰੇ ਅੰਦਰ ਅੱਗ ਬਾਲਣ ਕਾਰਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦਮ ਘੁੱਟਣ ਨਾਲ ਨਵ-ਵਿਆਹੇ ਪਤੀ-ਪਤਨੀ ਦੀ ਮੌ*ਤ ਹੋ ਗਈ। ਇਹ ਘਟਨਾ ਘਰ ਦੀ ਤੀਸਰੀ ਮੰਜ਼ਿਲ ’ਤੇ ਸਥਿਤ ਇੱਕ ਬੰਦ ਕਮਰੇ ਵਿੱਚ ਵਾਪਰੀ।
ਜਾਣਕਾਰੀ ਅਨੁਸਾਰ, ਕਮਰਾ ਬੰਦ ਹੋਣ ਕਾਰਨ ਅੱਗ ਤੋਂ ਨਿਕਲਿਆ ਧੂੰਆ ਅਤੇ ਜ਼ਹਿਰੀਲੀ ਗੈਸ ਅੰਦਰ ਹੀ ਫੈਲ ਗਈ, ਜਿਸ ਨਾਲ ਅੰਦਰ ਮੌਜੂਦ ਦੋਵਾਂ ਦੀ ਸਾਹ ਘੁੱਟਣ ਕਾਰਨ ਮੌ*ਤ ਹੋ ਗਈ। ਮ੍ਰਿ*ਤਕਾਂ ਦੀ ਪਛਾਣ ਗੁਰਮੀਤ ਸਿੰਘ ਉਰਫ਼ ਸੋਨੂ ਅਤੇ ਉਸ ਦੀ ਪਤਨੀ ਜਸਬੀਰ ਕੌਰ ਵਜੋਂ ਹੋਈ ਹੈ।
ਮ੍ਰਿ*ਤਕ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਦੀ ਵਿਆਹ ਨੂੰ ਸਿਰਫ਼ ਛੇ ਮਹੀਨੇ ਹੀ ਹੋਏ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਗੁਰਮੀਤ ਸਿੰਘ ਦੀ ਦੂਜੀ ਸ਼ਾਦੀ ਸੀ। ਇਸ ਹਾਦਸੇ ਨਾਲ ਪੂਰੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਪਰਿਵਾਰਕ ਮੈਂਬਰਾਂ ਨੂੰ ਅੱਜ ਦੁਪਹਿਰ ਕਰੀਬ 12 ਵਜੇ ਇਸ ਘਟਨਾ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਘਰ ਵਿੱਚ ਕੋਹਰਾਮ ਮਚ ਗਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਘਟਨਾ ਇੱਕ ਵਾਰ ਫਿਰ ਸਰਦੀਆਂ ਦੇ ਮੌਸਮ ਵਿੱਚ ਬੰਦ ਕਮਰਿਆਂ ਅੰਦਰ ਅੱਗ ਬਾਲਣ ਨਾਲ ਜੁੜੇ ਖਤਰਨਾਕ ਨਤੀਜਿਆਂ ਵੱਲ ਧਿਆਨ ਖਿੱਚਦੀ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦੀ ਹੈ।














