24 ਦਸੰਬਰ, 2025 ਅਜ ਦੀ ਆਵਾਜ਼
Health Desk: ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਜੋ ਬੱਚੇ ਬਚਪਨ ਵਿੱਚ ਪੜ੍ਹਾਈ, ਖੇਡਾਂ ਜਾਂ ਸੰਗੀਤ ਵਿੱਚ ਅੱਗੇ ਰਹਿੰਦੇ ਹਨ, ਉਹੀ ਵੱਡੇ ਹੋ ਕੇ ਸਭ ਤੋਂ ਜ਼ਿਆਦਾ ਸਫਲ ਬਣਦੇ ਹਨ। ਪਰ ਹਾਲ ਹੀ ਵਿੱਚ ਸਾਹਮਣੇ ਆਈ ਇੱਕ ਨਵੀਂ ਖੋਜ ਇਸ ਸੋਚ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦੀ ਹੈ।
ਰਿਸਰਚ ਮੁਤਾਬਕ, ਬਚਪਨ ਵਿੱਚ ਟੌਪ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਵਿੱਚੋਂ ਕੇਵਲ ਕਰੀਬ 10 ਫੀਸਦੀ ਹੀ ਵੱਡੇ ਹੋ ਕੇ ਆਪਣੇ ਖੇਤਰ ਵਿੱਚ ‘ਵਰਲਡ ਕਲਾਸ’ ਦਰਜੇ ਤੱਕ ਪਹੁੰਚ ਪਾਉਂਦੇ ਹਨ। ਇਸ ਦਾ ਸਿੱਧਾ ਮਤਲਬ ਹੈ ਕਿ ਸ਼ੁਰੂਆਤੀ ਸਫਲਤਾ ਭਵਿੱਖ ਦੀ ਕਾਮਯਾਬੀ ਦੀ ਪੂਰੀ ਗਾਰੰਟੀ ਨਹੀਂ ਹੁੰਦੀ।
ਔਸਤ ਪ੍ਰਦਰਸ਼ਨ ਵਾਲੇ ਬੱਚੇ ਨਿਕਲੇ ਅੱਗੇ
ਇਸ ਅਧਿਐਨ ਲਈ ਖੋਜਕਰਤਾਵਾਂ ਨੇ ਲਗਭਗ 35 ਹਜ਼ਾਰ ਲੋਕਾਂ ਦੇ ਡਾਟਾ ਦੀ ਜਾਂਚ ਕੀਤੀ, ਜਿਸ ਵਿੱਚ ਓਲੰਪਿਕ ਖਿਡਾਰੀ, ਮਸ਼ਹੂਰ ਸੰਗੀਤਕਾਰ, ਨੋਬਲ ਪੁਰਸਕਾਰ ਜੇਤੂ ਅਤੇ ਸ਼ਤਰੰਜ ਦੇ ਗ੍ਰੈਂਡਮਾਸਟਰ ਸ਼ਾਮਲ ਸਨ। ਨਤੀਜਿਆਂ ਤੋਂ ਪਤਾ ਲੱਗਾ ਕਿ ਜ਼ਿਆਦਾਤਰ ਲੋਕ, ਜੋ ਵੱਡੇ ਹੋ ਕੇ ਆਪਣੇ ਖੇਤਰ ਦੇ ਸਿਖਰ ‘ਤੇ ਪਹੁੰਚੇ, ਬਚਪਨ ਵਿੱਚ ਸਿਰਫ਼ ਔਸਤ ਦਰਜੇ ਦਾ ਪ੍ਰਦਰਸ਼ਨ ਕਰਦੇ ਸਨ।
ਬਹੁਤ ਘੱਟ ਅਜਿਹੇ ਮਾਮਲੇ ਮਿਲੇ ਜਿੱਥੇ ਕੋਈ ਵਿਅਕਤੀ ਬਚਪਨ ਤੋਂ ਹੀ ਲਗਾਤਾਰ ਟੌਪ ‘ਤੇ ਬਣਿਆ ਰਿਹਾ ਹੋਵੇ।
ਬਚਪਨ ਦਾ ਟੌਪਰ ਹੋਣਾ ਸਫਲਤਾ ਦੀ ਗਾਰੰਟੀ ਨਹੀਂ
ਜਰਮਨੀ ਦੀ RPTU ਯੂਨੀਵਰਸਿਟੀ ਦੇ ਪ੍ਰੋਫੈਸਰ ਅਰਨੇ ਗੁੱਲਿਚ ਅਨੁਸਾਰ, ਕੁਝ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਅਸਾਧਾਰਣ ਪ੍ਰਤਿਭਾ ਹੁੰਦੀ ਹੈ, ਪਰ ਅਜਿਹੇ ਮਾਮਲੇ ਬਹੁਤ ਹੀ ਘੱਟ ਹਨ। ਜ਼ਿਆਦਾਤਰ ਲਈ ਕਾਮਯਾਬੀ ਇੱਕ ਲੰਬੀ ਅਤੇ ਧੀਮੀ ਪ੍ਰਕਿਰਿਆ ਦਾ ਨਤੀਜਾ ਹੁੰਦੀ ਹੈ।
ਇੱਕ ਖੇਤਰ ਨਹੀਂ, ਵਿਭਿੰਨਤਾ ਹੈ ਜ਼ਰੂਰੀ
ਰਿਸਰਚ ਦੱਸਦੀ ਹੈ ਕਿ ਲੰਬੇ ਸਮੇਂ ਤੱਕ ਸਫਲ ਰਹਿਣ ਵਾਲੇ ਲੋਕਾਂ ਨੇ ਬਚਪਨ ਵਿੱਚ ਸਿਰਫ਼ ਇੱਕ ਹੀ ਖੇਤਰ ‘ਤੇ ਧਿਆਨ ਨਹੀਂ ਦਿੱਤਾ। ਉਹ ਪੜ੍ਹਾਈ, ਖੇਡਾਂ, ਸੰਗੀਤ ਅਤੇ ਹੋਰ ਗਤੀਵਿਧੀਆਂ ਵਿੱਚ ਸੰਤੁਲਨ ਬਣਾਕੇ ਚੱਲੇ। ਮਾਹਿਰਾਂ ਮੰਨਦੇ ਹਨ ਕਿ ਦੋ-ਤਿੰਨ ਵੱਖ-ਵੱਖ ਗਤੀਵਿਧੀਆਂ ਵਿੱਚ ਸਰਗਰਮ ਰਹਿਣਾ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਿਹਤਰ ਹੁੰਦਾ ਹੈ।
10 ਹਜ਼ਾਰ ਘੰਟੇ ਦੀ ਥਿਊਰੀ ‘ਤੇ ਵੀ ਸਵਾਲ
ਇਹ ਅਧਿਐਨ ਪ੍ਰਸਿੱਧ “10 ਹਜ਼ਾਰ ਘੰਟੇ ਦੀ ਪ੍ਰੈਕਟਿਸ” ਵਾਲੀ ਥਿਊਰੀ ਨੂੰ ਵੀ ਚੁਣੌਤੀ ਦਿੰਦਾ ਹੈ। ਖੋਜ ਅਨੁਸਾਰ, ਕਿਸੇ ਖੇਤਰ ਵਿੱਚ ਬਹੁਤ ਛੋਟੀ ਉਮਰ ਤੋਂ ਹੀ ਲਗਾਤਾਰ ਪ੍ਰੈਕਟਿਸ ਸ਼ੁਰੂ ਕਰਨਾ ਸਫਲਤਾ ਦੀ ਪੱਕੀ ਗਾਰੰਟੀ ਨਹੀਂ ਹੁੰਦਾ।
ਬੱਚਿਆਂ ‘ਤੇ ਵਧੇਰੇ ਦਬਾਅ ਹੋ ਸਕਦਾ ਹੈ ਨੁਕਸਾਨਦੇਹ
ਬਚਪਨ ਵਿੱਚ ਇੱਕ ਹੀ ਚੀਜ਼ ‘ਤੇ ਹੱਦ ਤੋਂ ਵੱਧ ਜ਼ੋਰ ਦੇਣ ਨਾਲ ਬੱਚਿਆਂ ਵਿੱਚ ਮਾਨਸਿਕ ਤਣਾਅ ਅਤੇ ਥਕਾਵਟ (Burnout) ਦਾ ਖ਼ਤਰਾ ਵਧ ਜਾਂਦਾ ਹੈ। ਮਾਹਿਰਾਂ ਦੇ ਅਨੁਸਾਰ, ਬੱਚਿਆਂ ਦੀ ਰੁਚੀ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਸੰਤੁਲਿਤ ਮਾਹੌਲ ਦੇਣਾ ਲੰਬੇ ਸਮੇਂ ਦੀ ਸਫਲਤਾ ਲਈ ਸਭ ਤੋਂ ਜ਼ਰੂਰੀ ਹੈ।














