ਪਲੇਅ ਵੇਅ ਸਕੂਲਾਂ ਲਈ ਨਵੀਆਂ ਹਦਾਇਤਾਂ ਜਾਰੀ

25

ਮਾਲੇਰਕੋਟਲਾ, 23 ਅਕਤੂਬਰ 2025 AJ DI Awaaj

Punjab Desk :   ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਰਾਜ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਅਰਲੀ ਚਾਈਲਡ ਕੇਅਰ ਐਂਡ ਐਜੂਕੇਸ਼ਨ ਨਾਲ ਸੰਬੰਧਿਤ ਨਿੱਜੀ ਸਕੂਲਾਂ, ਸੰਸਥਾਵਾਂ ਅਤੇ ਪਲੇਅਵੇਅ ਸਕੂਲਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ  ਰਤਿੰਦਰ ਪਾਲ ਕੌਰ ਧਾਰੀਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪਲੇਅਵੇਅ ਸਕੂਲਾਂ ਨੂੰ ਇਹ ਨਿਯਮ ਪਾਲਣਾ ਲਾਜ਼ਮੀ ਤੌਰ ‘ਤੇ ਕਰਨੀ ਹੋਵੇਗੀ।
ਉਨ੍ਹਾਂ ਕਿਹਾ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਸਕੂਲ ਦੀ ਇਮਾਰਤ ਹਵਾਦਾਰ ਅਤੇ ਸੁਰੱਖਿਅਤ ਹੋਣੀ ਚਾਹੀਦੀ ਹੈ, ਜਿਸ ਵਿੱਚ ਸਾਫ਼ ਪੀਣ-ਯੋਗ ਪਾਣੀ, ਰੈਸਟ ਰੂਮ ਦੀ ਸਹੂਲਤ, ਅਤੇ ਮੁਕੰਮਲ ਚਾਰਦੀਵਾਰੀ ਹੋਵੇ। ਲੜਕਿਆਂ ਅਤੇ ਲੜਕੀਆਂ ਲਈ ਵੱਖਰੇ ਪਖਾਨਿਆਂ ਦੀ ਵਿਵਸਥਾ ਵੀ ਲਾਜ਼ਮੀ ਕੀਤੀ ਗਈ ਹੈ। ਇਸਦੇ ਨਾਲ ਹੀ ਸਾਰੇ ਪਲੇਅਵੇਅ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ, ਫਾਇਰ ਸੇਫਟੀ ਪ੍ਰਬੰਧ, ਤੇ ਸਿਹਤ ਸਬੰਧੀ ਸਹੂਲਤਾਂ ਦਾ ਪੂਰਾ ਧਿਆਨ ਰੱਖਣਾ ਜਰੂਰੀ ਹੋਵੇਗਾ।
ਉਨ੍ਹਾਂ ਅਗਾਂਹ ਦੱਸਿਆ ਕਿ ਅਧਿਆਪਕਾਂ ਅਤੇ ਬੱਚਿਆਂ ਦੀ ਸੰਖਿਆ ਦਾ ਅਨੁਪਾਤ 1:20 ਤੱਕ ਹੀ ਰਹੇਗਾ, ਭਾਵ ਕਿ ਇੱਕ ਅਧਿਆਪਕ 20 ਤੋਂ ਵੱਧ ਬੱਚਿਆਂ ਦੀ ਸਿਖਿਆ ਨਹੀਂ ਸੰਭਾਲੇਗਾ। ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਡਰ ਜਾਂ ਦਬਾਅ ਬਣਾਉਣਾ ਪੂਰੀ ਤਰ੍ਹਾਂ ਮਨ੍ਹਾਂ ਹੋਵੇਗਾ ਅਤੇ ਉਨ੍ਹਾਂ ’ਤੇ ਕਿਸੇ ਕਿਸਮ ਦਾ ਪਾਠਕਰਮਕ ਬੋਝ ਨਹੀਂ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਦਾਖਲੇ ਸਮੇਂ ਮਾਪਿਆਂ ਦੀ ਇੰਟਰਵਿਊ ਨਹੀਂ ਕੀਤੀ ਜਾਵੇਗੀ ਅਤੇ ਸਕੂਲ ਵਿੱਚ ਜੰਕ ਫੂਡ ਦੇਣ ’ਤੇ ਪਾਬੰਦੀ ਹੋਵੇਗੀ। ਇਸਦੇ ਨਾਲ ਹੀ ਖੇਡਾਂ ਤੇ ਮਨੋਰੰਜਨਕ ਗਤੀਵਿਧੀਆਂ ਲਈ ਸੁਰੱਖਿਅਤ ਥਾਵਾਂ ਦਾ ਪ੍ਰਬੰਧ ਕਰਨਾ ਵੀ ਲਾਜ਼ਮੀ ਹੋਵੇਗਾ ਤਾਂ ਜੋ ਬੱਚਿਆਂ ਦਾ ਸੰਪੂਰਨ ਵਿਕਾਸ ਹੋ ਸਕੇ।
ਰਤਿੰਦਰ ਪਾਲ ਕੌਰ ਧਾਰੀਵਾਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਦਾਖਲਾ ਸਿਰਫ਼ ਮਾਨਤਾ ਪ੍ਰਾਪਤ ਪਲੇਅਵੇਅ ਸਕੂਲਾਂ ਵਿੱਚ ਹੀ ਕਰਵਾਉਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਹੜੇ ਸਕੂਲ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕਰਨਗੇ, ਉਨ੍ਹਾਂ ਦੀ ਮਾਨਤਾ ਤੁਰੰਤ ਰੱਦ ਕੀਤੀ ਜਾਵੇਗੀ। ਨਵੀਆਂ ਹਦਾਇਤਾਂ ਸਬੰਧੀ ਵਿਸਥਾਰਿਤ ਜਾਣਕਾਰੀ ਜ਼ਿਲ੍ਹਾ ਵੈਬਸਾਈਟ malerkotla.nic.in ਤੋਂ  ਪ੍ਰਾਪਤ ਕੀਤੀ ਜਾ ਸਕਦੀ ਹੈ।