ਕਣਕ ਦੀ ਫ਼ਸਲ ਨੂੰ ਬਚਾਉਣ ਲਈ ਯੋਗ ਯਤਨਾਂ ਦੀ ਲੋੜ

28

ਫਰੀਦਕੋਟ, 26 ਫਰਵਰੀ 2026 AJ DI Awaaj

Punjab Desk :    ਪੰਜਾਬ ਵਿੱਚ ਮੌਜੂਦਾ ਰਬੀ ਸੀਜ਼ਨ ਦੌਰਾਨ ਲਗਭਗ 95 ਫੀਸਦੀ ਰਕਬੇ ’ਤੇ ਕਣਕ ਦੀ ਬਿਜਾਈ 25 ਅਕਤੂਬਰ ਤੋਂ 15 ਨਵੰਬਰ ਦਰਮਿਆਨ ਕੀਤੀ ਗਈ, ਜੋ ਕਿ ਕਣਕ ਦੀ ਬਿਜਾਈ ਲਈ ਢੁਕਵਾਂ ਸਮਾਂ ਮੰਨਿਆ ਜਾਂਦਾ ਹੈ। ਫਰੀਦਕੋਟ ਜ਼ਿਲ੍ਹੇ ਵਿੱਚ ਲਗਭਗ 1,16,000 ਹੈਕਟੇਅਰ ਰਕਬੇ ’ਤੇ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ। ਕਣਕ ਦੇ ਚੰਗੇ ਝਾੜ ਨਾਲ ਕਿਸਾਨਾਂ ਦੇ ਆਰਥਿਕ ਹਾਲਾਤ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਚੰਗਾ ਝਾੜ ਨਾ ਸਿਰਫ਼ ਅਨਾਜ ਉਤਪਾਦਨ ਵਿੱਚ ਵਾਧਾ ਕਰਦਾ ਹੈ, ਸਗੋਂ ਕਿਸਾਨੀ ਜੀਵਨ ਵਿੱਚ ਖੁਸ਼ਹਾਲੀ ਵੀ ਲਿਆਉਂਦਾ ਹੈ।

ਕਣਕ ਦੀ ਫਸਲ, ਖਾਸ ਕਰਕੇ ਦਾਣੇ ਪੈਣ ਦੇ ਸਮੇਂ, ਉੱਚ ਤਾਪਮਾਨ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਇਸ ਦੌਰਾਨ ਵਧੇਰੇ ਤਾਪਮਾਨ ਦਾਣਿਆਂ ਦੇ ਭਾਰ ’ਤੇ ਮਾੜਾ ਪ੍ਰਭਾਵ ਪਾਉਂਦਾ ਹੈ, ਜਿਸ ਕਾਰਨ ਕਣਕ ਦੇ ਝਾੜ ਅਤੇ ਗੁਣਵੱਤਾ ਵਿੱਚ ਕਮੀ ਆ ਸਕਦੀ ਹੈ। ਹਲਕੀ ਤੋਂ ਦਰਮਿਆਨੀ ਜ਼ਮੀਨ ’ਤੇ ਬੀਜੀ ਅਗੇਤੀ ਕਣਕ ਉੱਚ ਤਾਪਮਾਨ ਕਾਰਨ ਜਲਦੀ ਸਿੱਟੇ ਕੱਢ ਲੈਂਦੀ ਹੈ ਅਤੇ ਸਮੇਂ ਤੋਂ ਪਹਿਲਾਂ ਪੱਕ ਜਾਂਦੀ ਹੈ, ਜਿਸ ਨਾਲ ਦਾਣੇ ਮਾੜੇ ਰਹਿ ਜਾਂਦੇ ਹਨ।

ਫਰਵਰੀ 2026 ਦੇ ਦੂਜੇ ਹਫ਼ਤੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ, ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਣਕ ਦੀ ਫਸਲ ਨੂੰ ਹਲਕਾ ਪਾਣੀ ਲਗਾਇਆ ਜਾਵੇ। ਸਿੰਚਾਈ ਕਰਦੇ ਸਮੇਂ ਹਵਾ ਦੀ ਗਤੀ ਦਾ ਧਿਆਨ ਰੱਖਿਆ ਜਾਵੇ, ਤਾਂ ਜੋ ਫਸਲ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ।

ਡਾ. ਹਰੀ ਰਾਮ, ਮੁਖੀ, ਫਸਲ ਵਿਗਿਆਨ ਵਿਭਾਗ ਨੇ ਦੱਸਿਆ ਕਿ ਜਿਹੜੀ ਕਣਕ ਅਜੇ ਗੋਭ ਵਾਲੇ ਪੱਤੇ ਦੇ ਮਰਹਲੇ ’ਤੇ ਹੈ, ਉਸ ਨੂੰ ਉੱਚ ਤਾਪਮਾਨ ਤੋਂ ਬਚਾਉਣ ਲਈ 2 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45) ਦੀ ਸਪਰੇਅ ਕੀਤੀ ਜਾਵੇ। ਇਸ ਲਈ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪਹਿਲੀ ਸਪਰੇਅ ਗੋਭ ਵਾਲਾ ਪੱਤਾ ਨਿਕਲਣ ’ਤੇ ਅਤੇ ਦੂਜੀ ਸਪਰੇਅ ਬੂਰ ਪੈਣ ਸਮੇਂ ਕੀਤੀ ਜਾ ਸਕਦੀ ਹੈ। ਇਹ ਸਪਰੇਅ ਸ਼ਾਮ ਦੇ ਸਮੇਂ ਕਰਨੀ ਉਚਿਤ ਰਹੇਗੀ।

ਉਨ੍ਹਾਂ ਕਿਹਾ ਕਿ ਫਸਲ ਨੂੰ ਹਲਕਾ ਪਾਣੀ ਲਗਾਉਣ ਅਤੇ ਪੋਟਾਸ਼ੀਅਮ ਨਾਈਟ੍ਰੇਟ ਦੀ ਸਹੀ ਸਮੇਂ ਸਪਰੇਅ ਕਰਨ ਨਾਲ ਉੱਚ ਤਾਪਮਾਨ ਦੇ ਮਾੜੇ ਪ੍ਰਭਾਵ ਤੋਂ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ ਅਤੇ ਕਣਕ ਦੇ ਝਾੜ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ।