ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ
ਫਾਜ਼ਿਲਕਾ, 5 ਮਾਰਚ 2025 Aj Di Awaaj
ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਬਠਿੰਡਾ ਯੂਨਿਟ ਵੱਲੋਂ ਕਮਿਊਨਿਟੀ ਅਵੇਅਰਨੈਸ ਪ੍ਰੋਗਰਾਮ ਦੇ ਤਹਿਤ ਪਿੰਡ ਲਾਧੂਕਾ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਪਿੰਡ ਦੇ ਨਿਵਾਸੀਆਂ ਨੂੰ ਕੁਦਰਤੀ ਆਫਤਾਂ ਜਿਵੇਂ ਕਿ ਹੜ੍ਹ ਅਤੇ ਭੂਚਾਲ ਤੋਂ ਬਚਾਅ ਦੇ ਉਪਾਅ ਬਾਰੇ ਜਾਣਕਾਰੀ ਪ੍ਰਦਾਨ ਕਰਨੀ ਸੀ।
ਐਨਡੀਆਰਐਫ ਦੇ ਇੰਸਪੈਕਟਰ ਯੁੱਧਵੀਰ ਸਿੰਘ ਨੇ ਲੋਕਾਂ ਨੂੰ ਆਫਤਕਾਲੀ ਹਾਲਾਤਾਂ ਵਿੱਚ ਸੁਰੱਖਿਅਤ ਰਹਿਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹੜ੍ਹ ਦੇ ਦੌਰਾਨ ਉੱਚਾਈ ਵਾਲੇ ਥਾਵਾਂ ‘ਤੇ ਪਹੁੰਚਣ, ਬਚਾਅ ਉਪਕਰਣਾਂ ਦੀ ਵਰਤੋਂ, ਅਤੇ ਤੈਰਾਕੀ ਆਉਣ ਦੇ ਮਹੱਤਵ ਬਾਰੇ ਵਿਸ਼ਤਾਰਪੂਰਵਕ ਸਮਝਾਇਆ। ਭੂਚਾਲ ਦੇ ਸਮੇਂ ‘ਡਰੌਪ, ਕਵਰ ਐਂਡ ਹੋਲਡ’ ਤਕਨੀਕ ਤੇ ਸੁਰੱਖਿਅਤ ਥਾਵਾਂ ਦੀ ਪਛਾਣ ਕਰਨਾ ਵੀ ਵਿਸ਼ਲੇਸ਼ਣ ਕੀਤਾ ਗਿਆ।
ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਜਿੰਦਰ ਵਿਖੋਨਾ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਐਨਡੀਆਰਐਫ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਣ ਅਤੇ ਆਪਣੇ ਪਰਿਵਾਰਾਂ ਵਿੱਚ ਵੀ ਇਹ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ।
ਇਸ ਮੌਕੇ, ਐਨਡੀਆਰਐਫ ਟੀਮ ਨੇ ਲੋਕਾਂ ਨੂੰ ਪ੍ਰੈਕਟੀਕਲ ਡਿਮਾਂਸਟ੍ਰੇਸ਼ਨ ਵੀ ਦਿੱਤਾ, ਜਿਸ ਵਿੱਚ ਕਿਸੇ ਬਚਾਅ ਕਾਰਵਾਈ ਦੌਰਾਨ ਕੀਤੇ ਜਾਣ ਵਾਲੇ ਮੁੱਢਲੇ ਉਪਾਅ, ਪਹਿਲੀ ਸਹਾਇਤਾ ਦੇ ਤਰੀਕੇ, ਅਤੇ ਹੜ੍ਹ ਜਾਂ ਭੂਚਾਲ ਦੌਰਾਨ ਆਪਣੇ ਅਤੇ ਦੂਜਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਤਰੀਕਿਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਇਹ ਪ੍ਰੋਗਰਾਮ ਪਿੰਡ ਦੇ ਨਿਵਾਸੀਆਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਇਆ, ਅਤੇ ਉਨ੍ਹਾਂ ਨੇ ਐਨਡੀਆਰਐਫ ਟੀਮ ਦਾ ਇਹ ਮੁੱਲਵਾਨ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ। ਐਨਡੀਆਰਐਫ ਵੱਲੋਂ ਅਜੇ ਹੋਰ ਪਿੰਡਾਂ ‘ਚ ਵੀ ਐਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਹੈ, ਤਾਂ ਜੋ ਲੋਕ ਕੁਦਰਤੀ ਆਫਤਾਂ ਲਈ ਤਿਆਰ ਰਹਿਣ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ।
