ਕੀਰਤਪੁਰ ਸਾਹਿਬ 19 ਮਈ 2025 AJ Di Awaaj
ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ‘ਨਸ਼ਾ ਮੁਕਤੀ ਯਾਤਰਾ’ ਬਲਾਕ ਕੀਰਤਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਸੁਰੂ ਕੀਤੀ ਗਈ ਹੈ।
ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੇ ਬੁਲਾਰੇ ਐੱਚ.ਆਈ ਸੁਖਦੀਪ ਸਿੰਘ ਨੇ ਦੱਸਿਆ ਕਿ ਨਸ਼ਾ ਮੁਕਤੀ ਯਾਤਰਾ ਕੇਵਲ ਨਸ਼ਾ ਮੁਕਤੀ ਤੱਕ ਹੀ ਸੀਮਿਤ ਨਹੀਂ , ਸਗੋਂ ਨਵੀਂ ਪੀੜ੍ਹੀ ਨੂੰ ਸਿਹਤਮੰਦ ਜੀਵਨ ਵੱਲ ਮੋੜਨ ਲਈ ਇੱਕ ਮਜ਼ਬੂਤ ਕਦਮ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਯਾਤਰਾ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਪੀ. ਐੱਚ.ਸੀ ਦੇ ਇੰਚਾਰਜ ਅਤੇ ਸਟਾਫ਼ ਵੱਲੋਂ ਪਿੰਡ ਦੜੋਲੀ, ਗੰਭੀਰਪੁਰ ਅਤੇ ਜਿੰਦਵੜੀ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ, ਨਸ਼ਾ ਛੁਡਾਉਣ ਲਈ ਸਿਹਤ ਵਿਭਾਗ ਵੱਲੋਂ ਖੋਲ੍ਹੇ ਗਏ ਓਟ ਕਲੀਨਿਕਾਂ ਅਤੇ ਨਸ਼ਾ ਛਡਾਊ ਕੇਂਦਰਾਂ ਦੀ ਵੀ ਜਾਣਕਾਰੀ ਦਿੱਤੀ ਗਈ।
ਸੀਨੀਅਰ ਮੈਡੀਕਲ ਅਫ਼ਸਰ ਡਾ.ਜੰਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਭਲਾਣ, ਭਨਾਮ ਅਤੇ ਨਾਨਗਰਾਂ ਵਿਖੇ ਆਯੁਰਵੈਦਿਕ ਮੈਡੀਕਲ ਅਫ਼ਸਰ ਡਾਕਟਰ ਨਿਸ਼ਚਲ ਸ਼ਰਮਾ ਨੇ ਵੀ ਲੋਕਾਂ ਨੂੰ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।
ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਇਹ ਜੰਗ ਕਿਸੇ ਇੱਕ ਵਿਅਕਤੀ, ਪਰਿਵਾਰ ਜਾਂ ਪਿੰਡ ਦੀ ਨਹੀਂ ਸਗੋਂ ਪੰਜਾਬ ਦੀ ਸਾਂਝੀ ਲੜਾਈ ਹੈ ਜਿਸ ਵਿਚ ਪਿੰਡ ਦੇ ਪਹਿਰੇਦਾਰਾਂ ਤੋਂ ਇਲਾਵਾ ਹਰ ਇੱਕ ਵਿਅਕਤੀ ਦਾ ਸਹਿਯੋਗ ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਰਾਹ ਪੱਧਰਾ ਹੋਵੇਗਾ ।
