Mohali 15 Dec 2025 AJ DI Awaaj
Mohali Desk : ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ‘ਤੇ ਚੋਣਾਂ ਦੌਰਾਨ ਗੰਭੀਰ ਗੜਬੜੀਆਂ ਕਰਨ ਦੇ ਦੋਸ਼ ਲਗਾਏ ਹਨ। ਚੰਨੀ ਨੇ ਕਿਹਾ ਕਿ ਜਾਲੀ ਅਤੇ ਫਾਲਤੂ ਬੈਲਟ ਪੇਪਰ ਛਪਵਾਉਣ ਸੰਬੰਧੀ ਸੱਚਾਈ ਹੁਣ ਇੱਕ-ਇੱਕ ਕਰਕੇ ਸਾਹਮਣੇ ਆ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੱਟੀ ਹਲਕੇ ਅਧੀਨ ਤਰਨ ਤਾਰਨ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਕੈਰੋਂ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਿਕੰਦਰ ਸਿੰਘ ਜਾਲੀ ਬੈਲਟ ਪੇਪਰ ਵਰਤਦਾ ਫੜਿਆ ਗਿਆ। ਚੰਨੀ ਮੁਤਾਬਕ, ਕਾਂਗਰਸ ਦੇ ਉਮੀਦਵਾਰ ਗੁਰਵਿੰਦਰ ਜੋਧਾ ਵੱਲੋਂ ਇਹ ਮਾਮਲਾ ਉਜਾਗਰ ਕੀਤਾ ਗਿਆ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਉਸ ਨਾਲ ਝਗੜਾ ਕੀਤਾ ਗਿਆ।
ਚੰਨੀ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਬੈਲਟ ਪੇਪਰਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਉਨ੍ਹਾਂ ‘ਤੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੇ ਸਾਹਮਣੇ ਪਹਿਲਾਂ ਹੀ ਮੋਹਰ ਲੱਗੀ ਹੋਈ ਸੀ ਅਤੇ ਇਹ ਬੈਲਟ ਪੇਪਰ ਇਕੱਠੇ ਕਰਕੇ ਪਾਏ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਅਜਿਹੀਆਂ ਗੜਬੜੀਆਂ ਦੇ ਖ਼ਦਸ਼ੇ ਜਤਾ ਚੁੱਕੇ ਸਨ, ਪਰ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਸੀ। ਹੁਣ ਚੋਣਾਂ ਦੌਰਾਨ ਇਹ ਖ਼ਦਸ਼ੇ ਸਹੀ ਸਾਬਤ ਹੋ ਰਹੇ ਹਨ।
ਚਰਨਜੀਤ ਸਿੰਘ ਚੰਨੀ ਨੇ ਇਹ ਵੀ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੈਸਾ ਵੰਡ ਕੇ ਅਤੇ ਧਮਕੀਆਂ ਦੇ ਕੇ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਨੂੰ ਬੂਥਾਂ ਤੱਕ ਪਹੁੰਚਣ ਤੋਂ ਰੋਕਿਆ ਗਿਆ, ਜਿਸ ਕਾਰਨ ਕਈ ਥਾਵਾਂ ‘ਤੇ ਵੋਟਿੰਗ ਪ੍ਰਤੀਸ਼ਤ ਘੱਟ ਰਿਹਾ।
ਇਸ ਤੋਂ ਇਲਾਵਾ, ਚੰਨੀ ਨੇ ਕੁਰਾਲੀ ਦੇ ਪਿੰਡ ਚਤਾਮਲੀ ਵਿੱਚ ਬੂਥ ਕੈਪਚਰਿੰਗ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉੱਥੋਂ ਵੋਟਾਂ ਵਾਲਾ ਬੈਲਟ ਬਾਕਸ ਨਿੱਜੀ ਵਾਹਨ ਵਿੱਚ ਲਿਜਾਇਆ ਗਿਆ ਅਤੇ ਲਗਭਗ ਦੋ ਘੰਟਿਆਂ ਤੱਕ ਗਾਇਬ ਰਿਹਾ। ਉਨ੍ਹਾਂ ਦੱਸਿਆ ਕਿ ਹੋਰ ਇਲਾਕਿਆਂ ਤੋਂ ਵੀ ਬੈਲਟ ਪੇਪਰਾਂ ਵਾਲੇ ਬਕਸੇ ਨਿੱਜੀ ਵਾਹਨਾਂ ਵਿੱਚ ਲਿਜਾਏ ਜਾਣ ਦੀਆਂ ਖ਼ਬਰਾਂ ਮਿਲੀਆਂ ਹਨ, ਜੋ ਕਾਫ਼ੀ ਸ਼ੱਕ ਪੈਦਾ ਕਰਦੀਆਂ ਹਨ।
ਚੰਨੀ ਨੇ ਮੰਗ ਕੀਤੀ ਕਿ ਇਨ੍ਹਾਂ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।














