28 ਅਕਤੂਬਰ 2025 ਅਜ ਦੀ ਆਵਾਜ਼
Punjab Desk: ਜ਼ੀਰਕਪੁਰ ਨੇੜੇ ਸਥਿਤ ਛੱਤਬੀੜ ਚਿੜੀਆਘਰ ਵਿੱਚ ਅੱਜ ਅਚਾਨਕ ਖੜ੍ਹੀਆਂ ਇਲੈਕਟ੍ਰਾਨਿਕ ਗੱਡੀਆਂ (ਈ-ਵ੍ਹੀਕਲ) ਵਿੱਚ ਭਿਆਨਕ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਪਲਾਂ ਵਿੱਚ ਕਈ ਈ-ਵ੍ਹੀਕਲ ਇਸ ਦੀ ਚਪੇਟ ਵਿੱਚ ਆ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ।
ਚਿੜੀਆਘਰ ਪ੍ਰਬੰਧਨ ਦੇ ਮੁਤਾਬਕ, ਇਹ ਗੱਡੀਆਂ ਮੁੱਖ ਤੌਰ ‘ਤੇ ਸੈਲਾਨੀਆਂ ਨੂੰ ਚਿੜੀਆਘਰ ਦੇ ਅੰਦਰ ਸਫ਼ਾਰੀ ਅਤੇ ਸੈਰ ਲਈ ਵਰਤੀਆਂ ਜਾਂਦੀਆਂ ਸਨ। ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਫਿਲਹਾਲ ਅੱਗ ਲੱਗਣ ਦੇ ਅਸਲੀ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਮੁੱਢਲੀ ਜਾਂਚ ਵਿੱਚ ਤਕਨੀਕੀ ਖਰਾਬੀ ਨੂੰ ਸੰਭਾਵਿਤ ਕਾਰਣ ਮੰਨਿਆ ਜਾ ਰਿਹਾ ਹੈ।














