ਮੋਗਾ: 21 July 2025 Aj Di Awaaj
Punjab Desk : ਮੋਗਾ ਦੇ ਬੂਗੀਪੁਰਾ ਚੌਕ ਵਿਖੇ ਇੱਕ ਵਰਕਸ਼ਾਪ ਬਾਹਰ ਸਕੂਟਰ ਖੜ੍ਹਾ ਕਰਨ ਦੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ, ਜੋ ਥੋੜ੍ਹੀ ਹੀ ਦੇਰ ਵਿਚ ਹਿੰਸਕ ਰੂਪ ਧਾਰ ਗਿਆ। ਵਰਕਸ਼ਾਪ ਮਾਲਕ ਰਾਜਕੁਮਾਰ ਅਤੇ ਕਪੂਰੇ ਦੇ ਰਹਾਇਸ਼ੀ ਖੁਸ਼ਬਿੰਦਰ ਸਿੰਘ ਵਿਚਾਲੇ ਵਾਦ-ਵਿਵਾਦ ਹੋਣ ਤੋਂ ਬਾਅਦ, ਖੁਸ਼ਬਿੰਦਰ ਨੇ 8-10 ਸਾਥੀਆਂ ਸਮੇਤ ਰਾਜਕੁਮਾਰ ਦੀ ਵਰਕਸ਼ਾਪ ‘ਤੇ ਹਮਲਾ ਕਰ ਦਿੱਤਾ।
ਹਮਲਾਵਰਾਂ ਨੇ ਵਰਕਸ਼ਾਪ ਦਾ ਗੇਟ ਤੋੜ ਕੇ ਅੰਦਰ ਖੜੀਆਂ ਗੱਡੀਆਂ ਦੀ ਤੋੜ-ਫੋੜ ਕੀਤੀ। ਇਹ ਸਾਰੀ ਘਟਨਾ ਵਰਕਸ਼ਾਪ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਰਾਜਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਖੁਸ਼ਬਿੰਦਰ ਸਿੰਘ ਦੇ ਬੇਵਜ੍ਹਾ ਸਕੂਟਰ ਖੜਾ ਕਰਨ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਹਮਲਾ ਹੋਇਆ। ਸੀਸੀਟੀਵੀ ਰਿਕਾਰਡਿੰਗ ਵਿੱਚ ਹਮਲਾਵਰਾਂ ਦੀ ਸਪੱਸ਼ਟ ਪਛਾਣ ਹੋ ਰਹੀ ਹੈ।
ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਕਰਤੂਤਾਂ ਨੇ ਨਾਂ ਕੇਵਲ ਵਰਕਸ਼ਾਪ ਮਾਲਕ ਨੂੰ ਨੁਕਸਾਨ ਪਹੁੰਚਾਇਆ, ਸਗੋਂ ਗਾਹਕਾਂ ਵਿੱਚ ਵੀ ਡਰ ਦਾ ਮਾਹੌਲ ਬਣਾਇਆ ਹੈ।
ਇਸ ਹਮਲੇ ਕਾਰਨ ਵਰਕਸ਼ਾਪ ਵਿਚ ਕਾਰਾਂ ਦੀ ਖਰੀਦ-ਫਰੋਖਤ ਅਤੇ ਹੋਰ ਕਾਰਜ ਪ੍ਰਭਾਵਿਤ ਹੋਏ ਹਨ। ਪੁਲਿਸ ਵੱਲੋਂ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
