ਹੁਸ਼ਿਆਰਪੁਰ, 22 ਅਗਸਤ 2025 Aj Di Awaaj
Punjab Desk : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸਰਕਾਰੀ ਹਾਈ ਸਕੂਲ ਬਹਾਦਰ ਬਾਹੀਆਂ ਵਿਚ ਨਵੇਂ ਕਲਾਸਰੂਮ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਮਜ਼ਬੂਤ ਨੀਂਹ ਦੇਣਾ ਉਨ੍ਹਾਂ ਦੀ ਤਰਜ਼ੀਹ ਹੈ ਅਤੇ ਇਸ ਸਬੰਧ ਵਿਚ ਇਲਾਕੇ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਨਿਰਮਾਣ ਕਾਰਜ ‘ਤੇ ਕੁੱਲ 9.55 ਲੱਖ ਰੁਪਏ ਖਰਚ ਕੀਤੇ ਜਾਣਗੇ। ਨਵਾਂ ਕਲਾਸਰੂਮ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਇਕ ਬਿਹਤਰ ਅਤੇ ਆਧੁਨਿਕ ਵਾਤਾਵਰਨ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿੱਖਿਆ ਅਤੇ ਭਵਿੱਖ ਲਈ ਇਕ ਮਜ਼ਬੂਤ ਬੁਨਿਆਦੀ ਢਾਂਚਾ ਜ਼ਰੂਰੀ ਹੈ ਅਤੇ ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਉੱਚ ਤਰਜ਼ੀਹ ਦੇ ਕੇ ਲਗਾਤਾਰ ਕਦਮ ਚੁੱਕ ਰਹੀ ਹੈ।
ਜਿੰਪਾ ਨੇ ਕਿਹਾ ਕਿ ਸਕੂਲਾਂ ਵਿਚ ਇਮਾਰਤਾਂ, ਕਲਾਸਰੂਮਾਂ ਅਤੇ ਹੋਰ ਸਹੂਲਤਾਂ ਦੇ ਵਿਕਾਸ ਨਾਲ ਪੇਂਡੂ ਖੇਤਰਾਂ ਦੇ ਬੱਚੇ ਵੀ ਮਿਆਰੀ ਸਿੱਖਿਆ ਪ੍ਰਾਪਤ ਕਰ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਬੱਚਿਆਂ ਨੂੰ ਡਿਜੀਟਲ ਅਤੇ ਸਮਾਰਟ ਸਹੂਲਤਾਂ ਨਾਲ ਵੀ ਜੋੜਿਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਬਦਲਦੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ।
ਇਸ ਮੌਕੇ ਵਿਧਾਇਕ ਨੇ ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਲਾਕੇ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਅਤੇ ਮੁੱਢਲੀਆਂ ਸਹੂਲਤਾਂ ਹਰ ਨਾਗਰਿਕ ਦਾ ਅਧਿਕਾਰ ਹਨ ਅਤੇ ਇਨ੍ਹਾਂ ਨੂੰ ਪ੍ਰਦਾਨ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਅਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ। ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਤੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿਚ ਆਪਣਾ ਪੂਰਾ ਯੋਗਦਾਨ ਪਾਉਣ ਦੀ ਉਮੀਦ ਕੀਤੀ।
ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਪਰਵੀਨ ਕੁਮਾਰੀ, ਮੰਗੀ ਲਾਲ ਸਰਪੰਚ ਬਹਾਦਰਪੁਰ ਬਾਹੀਆਂ, ਅਮਰਜੀਤ ਸਿੰਘ ਸਰਪੰਚ ਬੱਸੀ ਹਸਤ ਖਾਂ, ਐਡਵੋਕੇਟ ਸੁਰਿੰਦਰ ਪਾਲ ਸਰਪੰਚ ਮੰਨਣ, ਸਾਬਕਾ ਸਰਪੰਚ ਰਾਜ ਰਾਣੀ, ਪ੍ਰਿਤਪਾਲ ਸਿੰਘ, ਰਜਿੰਦਰ ਸਿੰਘ, ਰਾਜ ਕੁਮਾਰ ਪੰਚ, ਰਜਿੰਦਰ ਕੁਮਾਰ ਪੰਚ, ਵਿਸ਼ਾਲ ਪੰਚ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।
