ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵਿਧਾਇਕ ਜਿੰਪਾ ਨੇ ਸਰਕਾਰੀ ਸਕੂਲਾਂ ‘ਚ ਨਵੇਂ ਕਲਾਸ ਰੂਮਾਂ ਦਾ ਕੀਤਾ ਉਦਘਾਟਨ

31

ਹੁਸ਼ਿਆਰਪੁਰ, 23 ਮਈ 2025 AJ Di Awaaj
ਸਿੱਖਿਆ ਦੇ ਖੇਤਰ ਵਿਚ ਮਿਆਰੀ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ, ਹੁਸ਼ਿਆਰਪੁਰ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਦੋ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਨਵੇਂ ਬਣੇ ਕਲਾਸ ਰੂਮਾਂ ਦਾ ਰਸਮੀ ਉਦਘਾਟਨ ਕੀਤਾ।
ਵਿਧਾਇਕ ਜਿੰਪਾ ਨੇ ਕਿਹਾ ਕਿ ਸਿੱਖਿਆ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਜਦੋਂ ਬੱਚੇ ਬਿਹਤਰ ਵਾਤਾਵਰਨ ਵਿਚ ਪੜ੍ਹਾਈ ਕਰਨ, ਤਾਂ ਉਨ੍ਹਾਂ ਦਾ ਆਤਮਵਿਸ਼ਵਾਸ ਅਤੇ ਸਿੱਖਣ ਦੀ ਸਮਰੱਥਾ ਦੋਵੇਂ ਵੱਧਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਨੂੰ ਸਭ ਤੋਂ ਵੱਧ ਤਰਜ਼ੀਹ ਦੇ ਰਹੀ ਹੈ ਅਤੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਸਮਾਰਟ ਕਲਾਸਾਂ, ਲਾਇਬ੍ਰੇਰੀ, ਸਾਫ਼ ਪੀਣ ਵਾਲਾ ਪਾਣੀ, ਪਖਾਨੇ ਅਤੇ ਬੈਠਣ ਦੇ ਢੁਕਵੇਂ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ ਤਾਂ ਜੋ ਸਰਕਾਰੀ ਸਕੂਲ ਕਿਸੇ ਵੀ ਪ੍ਰਾਈਵੇਟ ਸਕੂਲ ਤੋਂ ਘੱਟ ਨਾ ਦਿਖਾਈ ਦੇਣ। ਜਿੰਪਾ ਨੇ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਦੀ ਦੇਖਭਾਲ ਵਿਚ ਸਹਿਯੋਗ ਕਰਨ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਸੀਨੀਅਰ ਡਿਪਟੀ ਮੇਅਰ ਪਰਵੀਨ ਸੈਣੀ, ਪਵਨ ਸ਼ਰਮਾ, ਰਮਨ ਸ਼ਰਮਾ, ਜਗਤਾਰ ਸਿੰਘ, ਕਮਲ ਛਾਬੜਾ, ਲਵ ਸ਼ਾਰਦਾ, ਲਾਇਨ ਰਣਜੀਤ ਸਿੰਘ ਰਾਣਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।