ਜਲਾਲਾਬਾਦ 28 ਅਗਸਤ 2025 AJ DI Awaaj
Punjab Desk : ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਅਤੇ ਐਸ.ਡੀ.ਐਮ. ਸ੍ਰੀ ਕੰਵਰਜੀਤ ਸਿੰਘ ਮਾਨ ਨੇ ਜਲਾਲਾਬਾਦ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਖੇਤਰਾਂ ਚੱਕ ਖੀਵਾ, ਢਾਣੀ ਬਚਨ ਸਿੰਘ, ਅਤੂ ਵਾਲਾ (ਪ੍ਰਭਾਤ ਸਿੰਘ ਵਾਲਾ ਹਿਠਾੜ), ਢਾਣੀ ਫੂਲਾ ਸਿੰਘ, ਢਾਣੀ ਨੱਥਾ ਸਿੰਘ ਅਤੇ ਸੰਤੋਖ ਸਿੰਘ ਵਾਲਾ ਵਿਖੇ ਪਹੁੰਚ ਕੇ ਜਿਥੇ ਲੋਕਾਂ ਦੀ ਸਾਰ ਲਈ ਉਥੇ ਉਨ੍ਹਾਂ ਨੂੰ ਰਾਹਤ ਸਮੱਗਰੀ ਵੀ ਪੁੱਜਦੀ ਕੀਤੀ।
ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪਾਣੀ ਦੀ ਮਾਰ ਕਰਕੇ ਸੜਕੀ ਸੰਪਰਕ ਪ੍ਰਭਾਵਿਤ ਜਰੂਰ ਹੋਇਆ ਹੈ ਪਰ ਉਹ ਹਮੇਸ਼ਾ ਲੋਕਾਂ ਦੇ ਨਾਲ ਮੌਢੇ ਦੇ ਨਾਲ ਮੌਖਾ ਲਾ ਕੇ ਖੜੇ ਹਨ ਤੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੜ੍ਹਾਂ ਦੀ ਕੁਦਰਤੀ ਕਰੋਪੀ ਤੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਉਹ ਖੁਦ ਜਾ ਰਹੇ ਹਨ ਤੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ ਚਾਹੇ ਉਹ ਰਾਸ਼ਨ ਹੋਵੇ ਜਾਂ ਪਸ਼ੂਆਂ ਲਈ ਫੀਡ।
ਵਿਧਾਇਕ ਸ੍ਰੀ ਗੋਲਡੀ ਨੇ ਕਿਹਾ ਕਿ ਉਹ ਲਗਾਤਾਰ ਇਨ੍ਹਾਂ ਪਿੰਡਾਂ ਵਿਚ ਨਜਰਸਾਨੀ ਬਣਾ ਕੇ ਰੱਖ ਰਹੇ ਹਨ ਤਾਂ ਜੋ ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ 24 ਘੰਟੇ ਦਿਨ ਰਾਤ ਪ੍ਰਸ਼ਾਸਨਿਕ ਅਮਲਾ ਵੀ ਆਪਣੀ ਡਿਉਟੀ ਨਿਭਾ ਰਿਹਾ ਹੈ ਤੇ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਅਤੇ ਪਸ਼ੂਆਂ ਲਈ ਫੀਡ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਵਿਚ ਉਹ ਲੋਕਾਂ ਦੇ ਹਨ ਤੇ ਹਰ ਸਮੇਂ ਲੋਕਾਂ ਲਈ ਉਪਲਬਧ ਹਨ।
ਜਲਾਲਾਬਾਦ ਐਸ.ਡੀ.ਐਮ. ਕੰਵਰਜੀਤ ਸਿੰਘ ਮਾਨ ਨੇ ਕਿਹਾ ਕਿ ਸਥਿਤੀ ਅਜੇ ਪੂਰੀ ਤਰ੍ਹਾਂ ਕਾਬੂ ਵਿਚ ਹੈ ਤੇ ਲੋਕਾਂ ਨੂੰ ਪਿੰਡਾਂ ਤੋਂ ਬਾਹਰ ਕੱਢਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਅੰਦਰ ਪਾਣੀ ਦਾਖਲ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀ ਲਗਾਤਾਰ ਪਿੰਡਾਂ ਵਿਚ ਮੌਜੂਦ ਹਨ ਤੇ ਲੋਕਾਂ ਨਾਲ ਰਾਬਤਾ ਕਾਇਮ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਲੋੜ ਅਨੁਸਾਰ ਰਾਸ਼ਨ ਦੀ ਪੂਰਤੀ ਵੀ ਕੀਤੀ ਜਾ ਰਹੀ ਹੈ ਤੇ ਪਸ਼ੂ ਪਾਲਕਾਂ ਨੂੰ ਫੀਡ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਲੋੜ ਪੈਣ *ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ, ਪਸ਼ੂਆਂ ਲਈ ਮੈਡੀਕਲ ਟੀਮਾਂ ਅਤੇ ਹੋਰ ਪ੍ਰਬੰਧ ਪੁਖਤਾ ਕੀਤੇ ਗਏ ਹਨ ਤੇ ਉਹ ਖੁਦ ਵੀ ਫੀਲਡ ਵਿਚ ਹੀ ਹਨ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਲੋੜ ਜਾਪੇਗੀ ਤਾਂ ਲੋਕਾਂ ਨੂੰ ਰਾਹਤ ਕੇਂਦਰਾਂ ਵਿਚ ਵੀ ਸ਼ਿਫਟ ਕੀਤਾ ਜਾਵੇਗਾ।














