**ਵਿਧਾਇਕ ਅਮਰਗੜ੍ਹ ਵੱਲੋਂ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਅਤੇ ਭਾਰਤ ਰਤਨ ਦਿਵਾਉਣ ਦੀ ਮੰਗ ਦਾ ਸਮਰਥਨ**

15

ਕਿਹਾ, ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਅਤੇ ਭਾਰਤ ਰਤਨ ਐਵਾਰਡ ਦਵਾਉਣ ਲਈ ਹਰ ਸੰਭਵ ਉਪਰਾਲੇ ਕਰੇਗੀ।

ਅਮਰਗੜ 21 ਮਾਰਚ 2025 Aj Di Awaaj

               ਦੇਸ਼ ਲਈ ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਅਤੇ ਭਾਰਤ ਰਤਨ ਦਾ ਐਵਾਰਡ ਦਵਾਉਣ ਲਈ ਪਟਿਆਲਾ ਜ਼ਿਲ੍ਹੇ ਦੇ ਪਿੰਡ ਘੱਗਾ ਦੇ ਰਹਿਣ ਵਾਲੇ ਭਗਵੰਤ ਸਿੰਘ ਘੱਗਾ  ਵੱਲੋਂ ਆਰੰਭੇ ਉਪਰਾਲੇ ਦੀ ਸ਼ਲਾਂਘਾ ਆਪਣੇ ਸੋਸ਼ਲ ਮੀਡੀਏ ਹੈਡਲ ਤੋਂ ਕਰਦਿਆਂ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਉਹ ਕੌਮਾਂ ਹਮੇਸਾ ਤਰੱਕੀਆਂ ਕਰਦੀਆਂ ਹਨ, ਜਿਹੜੀਆਂ ਆਪਣੇ ਸ਼ਹੀਦਾ ਦਾ ਸਨਮਾਨ ਬਰਕਾਰ ਰੱਖਦੀਆਂ ਹਨ । ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਅਤੇ ਭਾਰਤ ਰਤਨ ਐਵਾਰਡ ਦਵਾਉਣ ਲਈ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ ।

          ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਲਾਈਵ ਹੋ ਕੇ ਭਗਵੰਤ ਸਿੰਘ ਨੂੰ ਆਪਣਾ ਸਮਰਥਨ ਦਿੱਤਾ। ਸਮਰਥਨ ਦੇਣ ਦਾ ਉਦੇਸ਼ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਕੌਮੀ ਸ਼ਹੀਦ ਵਜੋਂ ਮਾਨਤਾ ਦੇਣ ਦੀ ਮੰਗ ਨਾਲ ਆਪਣੀ ਇਕਜੁੱਟਤਾ ਪ੍ਰਗਟ ਕਰਨਾ ਸੀ। ਵਿਧਾਇਕ ਪ੍ਰੋ. ਗੱਜਣ ਮਾਜਰਾ ਨੇ ਦੇਸ਼ ਲਈ ਭਗਤ ਸਿੰਘ ਦੀਆਂ ਕੁਰਬਾਨੀਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਵਿਧਾਇਕ ਨੇ ਉਨ੍ਹਾਂ ਦੀ ਯਾਦ ਅਤੇ ਵਿਰਾਸਤ ਦਾ ਸਨਮਾਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

             ਉਨ੍ਹਾਂ ਕਿਹਾ ਕਿ ਚਾਹੇ ਆਜ਼ਾਦੀ ਘੁਲਾਟੀਆਂ ਦਾ ਰੁਤਬਾ ਕਿਸੇ ਪੁਰਸਕਾਰ ਜਾਂ ਦਰਜੇ ਤੋਂ ਵੀ ਉੱਪਰ ਹੁੰਦਾ ਹੈ ਲੇਕਿਨ ਫਿਰ ਵੀ ਸਾਨੂੰ ਆਪਣੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਜਦੋ ਜਹਿਦ ਲਗਾਤਰ ਕਰਦੇ ਰਹਿਣਾ ਚਾਹੀਦਾ ਹੈ । ਉਨ੍ਹਾਂ ਸ੍ਰੀ ਘੱਗਾ ਨੂੰ ਭਰੋਸਾ ਦਵਾਇਆ ਕਿ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਅਤੇ ਭਾਰਤ ਰਤਨ ਐਵਾਰਡ ਦਵਾਉਣ ਲਈ ਹਰ ਸੰਭਵ ਉਪਰਾਲੇ ਕਰੇਗੀ । ਉਨ੍ਹਾਂ ਘੱਗਾ ਦੇ ਰਹਿਣ ਵਾਲੇ ਭਗਵੰਤ ਸਿੰਘ ਦੀ ਪ੍ਰਸੰਸ਼ਾ ਕਰਦਿਆ ਦੱਸਿਆ ਕਿ ਉਨ੍ਹਾਂ ਵਲੋਂ ਹੁਣ ਤੱਕ ਪੰਜਾਬ ਦੇ ਕਰੀਬ 07 ਐਮ.ਪੀਜ਼ 92 ਵਿਧਾਇਕਾਂ ਅਤੇ ਹਰਿਆਣਾ ਦੇ ਕਰੀਬ 07 ਐਮ.ਪੀਜ਼, 63 ਵਿਧਾਇਕ ਸਮੇਤ ਕਰੀਬ 18 ਹਜਾਰ ਨੌਜਵਾਨ ਵਿਦਿਆਰਥੀਆਂ,ਵਿਦਿਅਕ ਅਦਾਰਿਆਂ ਦੇ ਮੁਖੀਆਂ, ਪੰਜਾਬ ਅਤੇ ਹਰਿਆਣਾ ਦੀਆਂ ਸਮੁੱਚੀਆਂ ਬਾਰ ਐਸੋਸੀਏਸ਼ਨਾਂ ਨਾਲ ਰਾਬਤਾ ਕਾਇਮ ਕਰਕੇ ਸ਼ਹੀਦ ਨੂੰ ਦਰਜਾ ਅਤੇ ਐਵਾਰਡ ਦਵਾਉਣ ਲਈ ਲਗਾਤਾਰ ਕੋਸ਼ਿਸ਼ਾ ਕੀਤੀਆਂ ਹਨ ।ਉਨ੍ਹਾਂ ਕਿਹਾ ਕਿ ਇਹ ਦੇਸ਼ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹੇਗਾ, ਜਿਨ੍ਹਾਂ ਨੇ ਭਾਰਤ ਦੇ ਭਵਿੱਖ ਦੀ ਬਿਹਤਰੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।