ਮੀਥੇਨੌਲ ਦੀ ਦੁਰਵਰਤੋਂ ਘਾਤਕ, ਗ਼ੈਰ-ਕਾਨੂੰਨੀ ਸ਼ਰਾਬ ਮੌ*ਤ ਦਾ ਕਾਰਨ, ਸਾਵਧਾਨ ਰਹਿਣ ਲੋਕ

48
ਬਰਨਾਲਾ, 20 ਜੂਨ 2025 AJ DI Awaaj
Punjab Desk : ਮੀਥੇਨੌਲ ਦੀ ਦੁਰਵਰਤੋਂ ਘਾਤਕ ਹੈ ਅਤੇ ਇਸ ਤੋਂ ਬਣਨ ਵਾਲੀ ਗ਼ੈਰ-ਕਾਨੂੰਨੀ ਸ਼ਰਾਬ ਦਾ ਸੇਵਨ ਕਰਨਾ ਮੌ*ਤ ਦਾ ਕਾਰਨ ਬਣ ਸਕਦਾ ਹੈ।
         ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਸਬੰਧਤ ਵਿਭਾਗਾਂ ਨੂੰ ਆਮ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਜ਼ਿਲ੍ਹੇ ਅੰਦਰ ਮੀਥੇਨੌਲ ਦੀ ਗ਼ੈਰਕਾਨੂੰਨੀ ਵਰਤੋਂ ਨਾ ਹੋਵੇ ਅਤੇ ਇਸ ਜ਼ਹਿਰ ਤੋਂ ਬਣੀ ਸ਼ਰਾਬ ਵੀ ਕੋਈ ਸੇਵਨ ਨਾ ਕਰੇ।
 ਓਨ੍ਹਾਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਵੱਲੋਂ ਜਾਰੀ ਪੱਤਰ ਦੇ ਹਵਾਲੇ ਨਾਲ ਆਖਿਆ ਕਿ ਪੋਆਇਜ਼ਨਸ ਐਕਟ 1919, ਪੰਜਾਬ ਪੋਆਇਜ਼ਨਸ ਪੋਜੈਸ਼ਨ ਐਂਡ ਸੇਲ ਰੂਲਜ਼ 2014 ਐਂਡ ਅਮੈਂਡਮੈਂਟ ਨੋਟੀਫਿਕੇਸ਼ਨ ਮਿਤੀ 17 ਫਰਵਰੀ 2025 ਤਹਿਤ ਬਿਨ੍ਹਾਂ ਲਾਇਸੈਂਸ ਤੋਂ ਮੀਥੇਨੌਲ ਦੀ ਵਿਕਰੀ ਜਾਂ ਸਟਾਕ ਜਮ੍ਹਾਂ ਨਹੀਂ ਹੋ ਸਕਦਾ। ਇਸ ਲਈ ਇਸ ਜ਼ਹਿਰੀਲੇ ਪਦਾਰਥ ਦੀ ਵਰਤੋਂ ਗ਼ੈਰ ਸਮਾਜੀ ਅਨਸਰ ਗ਼ੈਰਕਾਨੂੰਨੀ ਤੇ ਨਾਜਾਇਜ਼ ਸ਼ਰਾਬ ਬਣਾਉਣ ਲਈ ਕਰਕੇ ਅਜਿਹੀ ਸ਼ਰਾਬ ਮੁਨਾਫ਼ਾ ਕਮਾਉਣ ਲਈ ਅੱਗੇ ਵੇਚ ਸਕਦੇ ਹਨ, ਜਿਸ ਲਈ ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕ ਚੌਕਸ ਰਹਿਣ ਅਤੇ ਗ਼ੈਰਕਾਨੂੰਨੀ ਸ਼ਰਾਬ ਦਾ ਸੇਵਨ ਕਿਸੇ ਵੀ ਹਾਲਤ ਵਿੱਚ ਨਾ ਕਰਨ, ਕਿਉਂਕਿ ਅਜਿਹਾ ਕਰਨਾ ਜਾਨਲੇਵਾ ਹੋ ਸਕਦਾ ਹੈ।
               ਸਿਵਲ ਸਰਜਨ ਬਰਨਾਲਾ ਡਾ.ਬਲਜੀਤ ਸਿੰਘ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੀਥੇਨੌਲ ਜ਼ਹਿਰ ਦੇ ਖ਼ਤਰਿਆਂ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ, ਕਿਉਂਕਿ ਇਸ ਤੋਂ ਗੈਰ-ਕਾਨੂੰਨੀ ਸ਼ਰਾਬ ਦੀ ਬਣਨ ਦੇ ਮਾਮਲੇ ਸਾਹਮਣੇ ਆਏ ਹਨ, ਪਰੰਤੂ ਅਜਿਹੀ ਸ਼ਰਾਬ ਦਾ ਸੇਵਨ ਕਰਨਾ ਇੱਕ ਮਹੱਤਵਪੂਰਨ ਚਿੰਤਾ ਦਾ ਵਿਸ਼ਾ ਹੈ। ਕਿਉਂ ਕਿ ਗ਼ੈਰ-ਕਾਨੂੰਨੀ ਬਣਾਈ ਗਈ ਸ਼ਰਾਬ ਵਿੱਚ ਮੀਥੇਨੌਲ ਦੀ ਮੌਜੂਦਗੀ ਨਾਲ ਗੰਭੀਰ ਸਿਹਤ ਨਤੀਜੇ ਹੋ ਸਕਦੇ ਹਨ, ਜਿਸ ਵਿੱਚ ਅੰਨ੍ਹਾਪਣ ਅਤੇ ਮੌਤ ਵੀ ਹੋ ਸਕਦੀ ਹੈ ।
  ਜ਼ਿਲ੍ਹਾ ਡਰੱਗਜ਼ ਕੰਟਰੋਲ ਅਫਸਰ ਪ੍ਰਨੀਤ ਕੌਰ ਨੇ ਦੱਸਿਆ ਕਿ ਮੀਥਨੌਲ ਦੀ ਵਰਤੋਂ ਕਾਨੂੰਨ ਅਨੁਸਾਰ ਹੀ ਕੀਤੀ ਜਾਵੇ ।ਜੇਕਰ ਕੋਈ ਵਿਆਕਤੀ ਮੀਥੇਨੌਲ ਵਾਲੀ ਗ਼ੈਰਕਾਨੂੰਨੀ ਸ਼ਰਾਬ ਦੀ ਵਰਤੋਂ ਕਰਦਾ ਹੈ ਤਾਂ ਉਸ ਦੀ ਸਿਹਤ ਲਈ ਘਾਤਕ ਹੋ ਸਕਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ ।ਇਸ ਲਈ ਜੇਕਰ ਮਿਲਾਵਟੀ ਸ਼ਰਾਬ ਪੀਣ ਨਾਲ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ ।
               ਇਸ ਲਈ ਆਮ ਲੋਕ ਕਿਸੇ ਵੀ ਤਰ੍ਹਾਂ ਦੀ ਘਰੇਲੂ ਸ਼ਰਾਬ ਤੋਂ ਬਚਣ ਤੇ ਘਰਾਂ ਵਿੱਚ ਕੱਢੀ ਸ਼ਰਾਬ ਜਾਂ ਗ਼ੈਰ ਕਾਨੂੰਨੀ ਤੇ ਨਾਜਾਇਜ਼ ਸ਼ਰਾਬ ਜਾਂ ਸਪਿਰਿਟ ਜਾਂ ਅਨਿਯੰਤ੍ਰਿਤ ਅਲਕੋਹਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾਵੇ ਕਿ ਸ਼ਰਾਬ ਦੀ ਬੋਤਲ ਦੀ ਸੀਲ ਟੁੱਟੀ ਹੋਈ ਤਾਂ ਨਹੀਂ ਅਤੇ ਲੇਬਲ ਜਾਇਜ਼ ਦਿਖਾਈ ਦਿੰਦਾ ਹੈ।
     ਇਸ ਦੀ ਸਹੀ ਸਟੋਰੇਜ ਤੇ ਸੰਭਾਲ ਹੋਵੇ ਅਤੇ ਮੀਥੇਨੌਲ ਵਾਲੇ ਉਤਪਾਦਾਂ ਨੂੰ ਬੱਚਿਆਂ ਤੋਂ ਦੂਰ ਅਤੇ ਇੱਕ ਚੰਗੀ ਤਰ੍ਹਾਂ ਹਵਾਦਾਰ ਖੇਤਰ ਵਿੱਚ ਹੀ ਸਟੋਰ ਕੀਤਾ ਜਾਵੇ।