01 ਜਨਵਰੀ, 2026 ਅਜ ਦੀ ਆਵਾਜ਼
Sports Desk: ਸਾਲ 2026 ਭਾਰਤੀ ਕ੍ਰਿਕਟ ਲਈ ਬਹੁਤ ਹੀ ਰੌਣਕਾਂ ਭਰਿਆ ਅਤੇ ਇਤਿਹਾਸਕ ਸਾਬਤ ਹੋਣ ਵਾਲਾ ਹੈ। ਭਾਰਤੀ ਪੁਰਸ਼ ਕ੍ਰਿਕਟ ਟੀਮ T20 ਵਰਲਡ ਕੱਪ 2026 ਵਿੱਚ ਆਪਣੇ ਖਿਤਾਬ ਦੀ ਰੱਖਿਆ ਕਰਨ ਲਈ ਮੈਦਾਨ ਵਿੱਚ ਉਤਰੇਗੀ, ਜਦਕਿ ਮਹਿਲਾ ਟੀਮ ਵੀ ਵਨਡੇ ਵਰਲਡ ਕੱਪ ਜਿੱਤਣ ਤੋਂ ਬਾਅਦ ਹੁਣ T20 ਵਰਲਡ ਕੱਪ ਜਿੱਤਣ ਦੇ ਸੁਪਨੇ ਨਾਲ ਖੇਡੇਗੀ।
ਨਵੇਂ ਸਾਲ ਦੀ ਸ਼ੁਰੂਆਤ ਭਾਰਤ ਆਪਣੇ ਘਰੇਲੂ ਮੈਦਾਨਾਂ ’ਤੇ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਅਤੇ T20I ਸੀਰੀਜ਼ ਨਾਲ ਕਰੇਗਾ। ਇਸ ਤੋਂ ਬਾਅਦ ਫਰਵਰੀ ਤੋਂ ਮਾਰਚ ਤੱਕ ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲਾ T20 ਵਰਲਡ ਕੱਪ 2026 ਸਾਲ ਦਾ ਸਭ ਤੋਂ ਵੱਡਾ ਆਕਰਸ਼ਣ ਰਹੇਗਾ। ਗਰੁੱਪ ਸਟੇਜ ਵਿੱਚ ਭਾਰਤ ਦਾ ਮੁਕਾਬਲਾ ਅਮਰੀਕਾ, ਨਾਮੀਬੀਆ, ਪਾਕਿਸਤਾਨ ਅਤੇ ਨੀਦਰਲੈਂਡ ਨਾਲ ਹੋਵੇਗਾ।
ਵਰਲਡ ਕੱਪ ਤੋਂ ਬਾਅਦ IPL 2026 (26 ਮਾਰਚ ਤੋਂ 31 ਮਈ) ਖਿਡਾਰੀਆਂ ਲਈ ਵੱਡਾ ਮੰਚ ਸਾਬਤ ਹੋਵੇਗਾ। ਇਸ ਤੋਂ ਇਲਾਵਾ ਟੀਮ ਇੰਡੀਆ ਅਫਗਾਨਿਸਤਾਨ, ਇੰਗਲੈਂਡ, ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਵਰਗੀਆਂ ਟੀਮਾਂ ਖ਼ਿਲਾਫ਼ ਘਰੇਲੂ ਤੇ ਵਿਦੇਸ਼ੀ ਦੌਰੇ ਕਰੇਗੀ। ਟੈਸਟ ਕ੍ਰਿਕਟ ਵਿੱਚ ਵੀ ਭਾਰਤ 2026 ਦੌਰਾਨ 5 ਟੈਸਟ ਮੈਚ ਖੇਡੇਗਾ, ਜਿਸ ਨਾਲ ਟੀਮ ਲਈ ਰੈੱਡ-ਬਾਲ ਕ੍ਰਿਕਟ ਵਿੱਚ ਆਪਣੀ ਸਾਖ ਮਜ਼ਬੂਤ ਕਰਨ ਦੀ ਚੁਣੌਤੀ ਰਹੇਗੀ।
ਦੂਜੇ ਪਾਸੇ, ਭਾਰਤੀ ਮਹਿਲਾ ਟੀਮ ਲਈ ਵੀ 2026 ਬਹੁਤ ਖਾਸ ਹੈ। ਇੰਗਲੈਂਡ ਵਿੱਚ ਹੋਣ ਵਾਲੇ ਮਹਿਲਾ T20 ਵਰਲਡ ਕੱਪ ਵਿੱਚ ਟੀਮ ਖਿਤਾਬ ਦੀ ਪ੍ਰਬਲ ਦਾਵੇਦਾਰ ਮੰਨੀ ਜਾ ਰਹੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਦੌਰੇ ਮਹਿਲਾ ਕ੍ਰਿਕਟ ਲਈ ਵੱਡੇ ਇਮਤਿਹਾਨ ਹੋਣਗੇ।
ਕੁੱਲ ਮਿਲਾ ਕੇ 2026 ਵਿੱਚ ਭਾਰਤ ਪੁਰਸ਼ ਅਤੇ ਮਹਿਲਾ ਟੀਮਾਂ ਮਿਲ ਕੇ ਦਰਜਨਾਂ ਮੈਚ ਖੇਡਣਗੀਆਂ। ਵਰਲਡ ਕੱਪ, ਏਸ਼ੀਅਨ ਗੇਮਜ਼ ਅਤੇ ਵੱਡੀਆਂ ਦੋ-ਪੱਖੀ ਸੀਰੀਜ਼ ਨਾਲ ਇਹ ਸਾਲ ਕ੍ਰਿਕਟ ਪ੍ਰਸ਼ੰਸਕਾਂ ਲਈ ਪੂਰਾ ਮਨੋਰੰਜਨ ਅਤੇ ਰੋਮਾਂਚ ਲੈ ਕੇ ਆਵੇਗਾ।












