ਕੱਚੀ ਜਮੀਨਾਂ ਨੂੰ ਪੱਕਾ ਕਰਨ ਲਈ ਕਮੇਟੀ ਦੀ ਬੈਠਕ: ਨਰਿੰਦਰ ਪਾਲ ਸਿੰਘ ਸਵਨਾ

17

ਫਾਜ਼ਿਲਕਾ, 15 ਜੁਲਾਈ 2025 AJ DI Awaaj

Punjab Desk : ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਕੱਚੀਆਂ ਜਮੀਨਾਂ ਨੂੰ ਪੱਕਾ ਕਰਵਾਉਣ ਲਈ ਸਰਕਾਰ ਵੱਲੋਂ ਗਠਿਤ ਕਮੇਟੀ ਦੀ ਬੈਠਕ ਅੱਜ ਚੰਡੀਗੜ੍ਹ ਵਿਖੇ ਮਾਲ ਮੰਤਰੀ ਸ: ਹਰਦੀਪ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀਆਂ ਨਾਲਾਇਕੀਆਂ ਕਾਰਨ ਬਾਰਡਰ ਪੱਟੀ ਦੇ ਕਿਸਾਨਾਂ ਦੀਆਂ ਕੱਚੀਆਂ ਹੋਈਆਂ ਜਮੀਨਾਂ ਨੂੰ ਪੱਕਾ ਕਰਵਾਉਣ ਲਈ ਸਰਕਾਰ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਵਿਧਾਇਕ ਨੇ ਆਖਿਆ ਕਿ ਜਮੀਨਾਂ ਦੇ ਮਾਲਕੀ ਹੱਕ ਨਾ ਹੋਣ ਕਾਰਨ ਸਰਹੱਦੀ ਪਿੰਡਾਂ ਦੇ ਲੋਕ ਸਰਕਾਰੀ ਸਹੁਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਜਦ ਕਿ ਕਈ ਪੀੜ੍ਹੀਆਂ ਤੋਂ ਇਹੀ ਲੋਕ ਇਸ ਜਮੀਨ ਤੇ ਖੇਤੀ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਲੋਕ ਇਹ ਜਮੀਨਾਂ ਦੀ ਪੱਕੀ ਮਾਲਕੀ ਲਈ ਮੰਗ ਕਰ ਰਹੇ ਹਨ ਪਰ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਮੰਗ ਦੇ ਕਾਨੂੰਨੀ ਹੱਲ ਲਈ ਕਾਰਵਾਈ ਆਰੰਭ ਕੀਤੀ ਹੈ।
ਵਿਧਾਇਕ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਜੀ, ਐਫ.ਸੀ.ਆਰ. ਸ਼੍ਰੀ ਅਨੁਰਾਗ ਵਰਮਾ, ਕਿਰਤ ਵਿਭਾਗ ਦੇ ਸਕੱਤਰ ਸ. ਮਨਵੇਸ਼ ਸਿੰਘ ਸਿੱਧੂ ਅਤੇ ਰੇਵੇਨਿਊ ਸਕੱਤਰ ਸ਼੍ਰੀਮਤੀ ਸੋਨਾਲੀ ਗਿਰੀ ਵੀ ਹਾਜ਼ਰ ਸਨ।ਇਸ ਦੌਰਾਨ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਅਤੇ ਉਨ੍ਹਾਂ  ਨਾਲ ਮੀਟਿੰਗ ਵਿਚ ਸ਼ਾਮਲ ਹੋਏ ਰਾਏ ਸਿੱਖ ਸਮਾਜ ਸੁਧਾਰ ਸਭਾ, ਪੰਜਾਬ ਦੇ ਪ੍ਰਧਾਨ ਸ. ਹੰਸਾ ਸਿੰਘ ਵੱਲੋਂ ਬਾਰਡਰ ਪੱਟੀ ਦੇ ਕਿਸਾਨਾਂ ਦੇ ਹੱਕ ਵਿਚ ਇਸ ਮਸਲੇ ਬਾਰੇ ਆਪਣੇ ਵਿਚਾਰ ਅਤੇ ਸੁਝਾਅ ਦਿੱਤੇ ਗਏ।
ਸ੍ਰੀ ਸਵਨਾ ਨੇ ਦੱਸਿਆ ਕਿ ਇਸ ਮੀਟਿੰਗ ਤੋਂ ਬਾਅਦ ਇਸ ਮਸਲੇ ਦਾ ਹੱਲ ਨਿਕਲਣ ਦੀ ਉਮੀਦ ਬਣੀ ਹੈ ਅਤੇ ਇਸ ਸਬੰਧੀ ਜਲਦੀ ਹੀ ਅਗਲੀ ਮੀਟਿੰਗ ਹੋਵੇਗੀ।