ਮਨਾਲੀ ਪੁਲਿਸ ਦਾ ਜਾਨ ਜੋਖ਼ਮ ਵਿੱਚ ਪਾ ਕੇ ਰੈਸਕਿਊ: ਅਟਲ ਟਨਲ ਰੋਹਤਾਂਗ ਨੇੜੇ 4.5 ਫੁੱਟ ਬਰਫ਼ ਵਿੱਚ ਫਸੇ ਦੋ ਨੌਜਵਾਨ ਸੁਰੱਖਿਅਤ ਬਚਾਏ

1

27 ਜਨਵਰੀ, 2026 ਅਜ ਦੀ ਆਵਾਜ਼

National  Desk:  ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਸੈਰ-ਸਪਾਟਾ ਕੇਂਦਰ ਮਨਾਲੀ ਇਨ੍ਹਾਂ ਦਿਨੀਂ ਭਾਰੀ ਬਰਫ਼ਬਾਰੀ ਕਾਰਨ ਪੂਰੀ ਤਰ੍ਹਾਂ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕਿਆ ਹੋਇਆ ਹੈ। ਬਰਫ਼ਬਾਰੀ ਨੇ ਜਿੱਥੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਹੈ, ਉੱਥੇ ਹੀ ਆਵਾਜਾਈ ਅਤੇ ਆਮ ਜੀਵਨ ਲਈ ਮੁਸ਼ਕਲਾਂ ਵੀ ਵਧਾ ਦਿੱਤੀਆਂ ਹਨ।

ਇਸੇ ਦਰਮਿਆਨ ਲਾਹੌਲ ਤੋਂ ਮਨਾਲੀ ਵੱਲ ਆ ਰਹੇ ਦੋ ਨੌਜਵਾਨ ਅਟਲ ਟਨਲ ਰੋਹਤਾਂਗ ਮਾਰਗ ‘ਤੇ ਧੁੰਧੀ ਦੇ ਨੇੜੇ ਪਹਿਲੀ ਸਨੋ ਗੈਲਰੀ ਕੋਲ ਭਾਰੀ ਬਰਫ਼ ਵਿੱਚ ਫਸ ਗਏ। ਇਲਾਕੇ ਵਿੱਚ ਲਗਭਗ ਸਾਢੇ ਚਾਰ ਫੁੱਟ ਤੱਕ ਬਰਫ਼ ਜਮ੍ਹੀ ਹੋਈ ਸੀ, ਜਿਸ ਕਾਰਨ ਉਹ ਅੱਗੇ ਨਹੀਂ ਵੱਧ ਸਕੇ।

ਲਾਹੌਲ ਤੋਂ ਮਨਾਲੀ ਆ ਰਹੇ ਇੱਕ ਵਿਅਕਤੀ ਨੇ ਇਸ ਘਟਨਾ ਦੀ ਜਾਣਕਾਰੀ ਤੁਰੰਤ ਮਨਾਲੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਅਟਲ ਟਨਲ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਖ਼ਤਰਨਾਕ ਹਾਲਾਤਾਂ ਦੇ ਬਾਵਜੂਦ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ।

ਡੀਐੱਸਪੀ ਮਨਾਲੀ ਕੇ.ਡੀ. ਸ਼ਰਮਾ ਨੇ ਦੱਸਿਆ ਕਿ ਸਵੇਰੇ ਫ਼ੋਨ ਰਾਹੀਂ ਦੋ ਵਿਅਕਤੀਆਂ ਦੇ ਬਰਫ਼ ਵਿੱਚ ਫਸੇ ਹੋਣ ਦੀ ਜਾਣਕਾਰੀ ਮਿਲੀ ਸੀ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਧੁੰਧੀ ਇਲਾਕੇ ਤੋਂ ਸੁਰੱਖਿਅਤ ਰੈਸਕਿਊ ਕਰ ਲਿਆ ਅਤੇ ਮਨਾਲੀ ਪਹੁੰਚਾਇਆ।

ਰੈਸਕਿਊ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ 28 ਸਾਲਾ ਰਾਮੇਸ਼ਵਰ (ਨਿਵਾਸੀ ਝਾਰਖੰਡ) ਅਤੇ 19 ਸਾਲਾ ਦੀਪਕ (ਨਿਵਾਸੀ ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸੀਮਾ ਸੜਕ ਸੰਗਠਨ (BRO) ਨਾਲ ਸੰਬੰਧਿਤ ਕਾਮੇ ਹਨ ਅਤੇ ਕੰਮ ਤੋਂ ਬਾਅਦ ਲਾਹੌਲ ਤੋਂ ਮਨਾਲੀ ਆ ਰਹੇ ਸਨ, ਜਦੋਂ ਭਾਰੀ ਬਰਫ਼ਬਾਰੀ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ।

ਮਨਾਲੀ ਪੁਲਿਸ ਦੀ ਇਸ ਤੁਰੰਤ ਅਤੇ ਹਿੰਮਤ ਵਾਲੀ ਕਾਰਵਾਈ ਨਾਲ ਦੋ ਜਾਨਾਂ ਬਚ ਗਈਆਂ, ਜਿਸ ਦੀ ਇਲਾਕੇ ‘ਚ ਖੂਬ ਸਰਾਹਨਾ ਹੋ ਰਹੀ ਹੈ।