ਫਿਰੋਜ਼ਪੁਰ, 12 ਅਗਸਤ 2025 AJ Di Awaaj
Punjab Desk : ਵਧੀਕ ਜ਼ਿਲ੍ਹਾ ਮੈਜਿਸਟਰੇਟ ਦਮਨਜੀਤ ਸਿੰਘ ਮਾਨ ਪੀ.ਸੀ.ਐਸ. ਨੇ ਜ਼ਿਲ੍ਹਾ ਫ਼ਿਰੋਜ਼ਪੁਰ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ 2 ਮਹੀਨੇ ਤੱਕ ਲਾਗੂ ਰਹਿਣਗੇ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਬਾਰਡਰ ਏਰੀਏ ਵਿੱਚ ਪੈਂਦੇ ਦਰਿਆ ਵਿੱਚ ਪ੍ਰਾਈਵੇਟ ਵਿਅਕਤੀਆਂ ਵੱਲੋਂ ਰਾਤ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਿਸ਼ਤੀਆਂ ਚਲਾਉਣ ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਕ ਹੋਰ ਹੁਕਮ ਰਾਹੀਂ ਜੇਲ੍ਹ ਖੇਤਰ ਦੇ ਆਲੇ-ਦੁਆਲੇ 500 ਮੀਟਰ ਦੇ ਘੇਰੇ ਵਿੱਚ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਡ੍ਰੋਨ ਦੀ ਵਰਤੋਂ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਡਰੋਨ ਦੀ ਵਰਤੋਂ ਕਰਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਡਰੋਨ ਦੀ ਵਰਤੋਂ ਤੇ ਪਾਬੰਦੀ ਲਗਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਡਰੋਨ ਦੀ ਵਰਤੋਂ ਕਰਨ ਸਬੰਧੀ ਕਿਸੇ ਵਿਭਾਗ/ਆਮ ਵਿਅਕਤੀ ਵੱਲੋਂ ਯੋਗ ਪ੍ਰਣਾਲੀ ਰਾਹੀਂ ਮਨਜੂਰੀ ਪ੍ਰਾਪਤ ਕੀਤੀ ਜਾਵੇਗੀ।
ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਇੰਟਰਨੈਸ਼ਨਲ ਬਾਰਡਰ ਤੋਂ 25 ਕਿਲੋਮੀਟਰ ਦੇ ਘੇਰੇ ਵਿੱਚ ਵੱਖ-ਵੱਖ ਸਥਾਨਾਂ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਡਰੋਨ ਦੀ ਵਰਤੋਂ ਤੇ ਰੋਕ ਲਗਾਈ ਹੈ।
ਇਕ ਹੋਰ ਮਨਾਹੀ ਦੇ ਹੁਕਮ ਵਿੱਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਕੀਤੇ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਹਦੂਦ ਅੰਦਰ ਪੈਂਦੇ ਹਲਕਿਆਂ ਵਿੱਚ ਕੋਈ ਵੀ ਵਿਅਕਤੀ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ਦੇ ਉੱਤੇ ਜਨਤਕ ਥਾਵਾਂ ’ਤੇ ਨਹੀਂ ਛੱਡੇਗਾ।
ਇਸੇ ਤਰ੍ਹਾਂ ਇੱਕ ਹੋਰ ਹੁਕਮ ਵਿੱਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਫਿਰੋਜ਼ਪੁਰ ਦੀ ਹਦੂਦ ਅੰਦਰ ਕੂੜਾ ਕਰਕਟ ਆਦਿ ਨੂੰ ਖੁੱਲ੍ਹੇ ਵਿੱਚ ਅੱਗ ਲਗਾਉਣ ਤੇ ਪਾਬੰਦੀ ਲਗਾਈ ਹੈ।
ਇਕ ਹੋਰ ਹੁਕਮ ਰਾਹੀਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਦੇ ਨਾਲ ਲੱਗਦੇ ਬੀ.ਓ.ਪੀਜ਼ ਦੇ ਨੇੜਲੇ ਪਿੰਡਾਂ ਵਿੱਚ ਸ਼ਾਮ 5 ਵਜੇ ਤੋਂ ਬਾਅਦ 30-09-2025 ਤੱਕ ਡੀ.ਜੇ (ਮਿਊਜ਼ਿਕ ਸਿਸਟਮ), ਪਟਾਖੇ ਚਲਾਉਣ ਅਤੇ ਲੇਜਰ ਲਾਇਟਾਂ ਦਾ ਇਸਤੇਮਾਲ ਕਰਨ ਤੇ ਪੂਰਨ ਤੌਰ ਤੇ ਰੋਕ ਲਗਾਈ ਹੈ।
