28October 2025 Aj Di Awaaj
Punjab Desk ਲੁਧਿਆਣਾ ਪੁਲਿਸ ਨੇ ਸ਼ਿਵਪੁਰੀ ਇਲਾਕੇ ਵਿੱਚ ਤਿੰਨ ਮੋਟਰਸਾਈਕਲ ਸਵਾਰਾਂ ਕੋਲੋਂ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ। ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਦੋ ਹੋਰ ਸਾਥੀ ਮੌਕੇ ਤੋਂ ਫਰਾਰ ਹੋ ਗਏ। ਜੋਧੇਵਾਲ ਪੁਲਿਸ ਵੱਲੋਂ ਇਸ ਸਬੰਧੀ ਐਫਆਈਆਰ ਦਰਜ ਕਰ ਲਈ ਗਈ ਹੈ।
ਸੂਤਰਾਂ ਦੇ ਅਨੁਸਾਰ, ਗ੍ਰਿਫਤਾਰ ਆਰੋਪੀਆਂ ਦੇ ਮੋਬਾਈਲ ਫੋਨ ਜਾਂਚ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਦੇ ਸੰਬੰਧ ਆਈਐਸਆਈ ਨਾਲ ਜੁੜੇ ਹੋਏ ਹਨ। ਪੁਲਿਸ ਨੇ ਆਰੋਪੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।
ਲੁਧਿਆਣਾ ਵਿੱਚ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਮੋਟਰਸਾਈਕਲ ਸਵਾਰ ਪੰਜ ਨੌਜਵਾਨਾਂ ਨੂੰ ਚੈਕਿੰਗ ਲਈ ਰੋਕਿਆ। ਇਸ ਦੌਰਾਨ ਦੋ ਨੌਜਵਾਨ ਪੁਲਿਸ ਨੂੰ ਚਕਮਾ ਦੇ ਕੇ ਬਾਈਕ ਸਮੇਤ ਫਰਾਰ ਹੋ ਗਏ, ਜਦਕਿ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਪੁਲਿਸ ਨੂੰ ਉਨ੍ਹਾਂ ਕੋਲੋਂ ਇੱਕ ਹੈਂਡ ਗ੍ਰਨੇਡ ਬਰਾਮਦ ਹੋਇਆ, ਜਿਸ ਨਾਲ ਪੁਲਿਸ ਅਧਿਕਾਰੀਆਂ ਵਿੱਚ ਹੜਕੰਪ ਮਚ ਗਿਆ।
ਮਿਲੀ ਜਾਣਕਾਰੀ ਅਨੁਸਾਰ, ਪੁਲਿਸ ਟੀਮ ਸ਼ਿਵਪੁਰੀ ਰੋਡ ਖੇਤਰ ਵਿੱਚ ਗਸ਼ਤ ਕਰ ਰਹੀ ਸੀ, ਜਦੋਂ ਮੁਖਬਰ ਖਾਸ ਦੀ ਸੂਚਨਾ ‘ਤੇ ਕਾਰਵਾਈ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਕੁਲਦੀਪ ਸਿੰਘ, ਪਰਵਿੰਦਰ ਸਿੰਘ, ਰਮਨੀਕ ਸਿੰਘ, ਸ਼ੇਖਰ ਅਤੇ ਅਜੇ — ਇਹ ਸਾਰੇ ਆਈਐਸਆਈ ਪਾਕਿਸਤਾਨੀ ਏਜੰਸੀ ਦੇ ਸੰਪਰਕ ਵਿੱਚ ਸਨ। ਇਹ ਲੋਕ ਲੁਧਿਆਣਾ ਸ਼ਹਿਰ ਵਿੱਚ ਖੁਦ ਜਾਂ ਕਿਸੇ ਹੋਰ ਰਾਹੀਂ ਭੀੜ-ਭੜੱਕੇ ਵਾਲੀ ਜਗ੍ਹਾ ‘ਤੇ ਹੈਂਡ ਗ੍ਰਨੇਡ ਧਮਾਕਾ ਕਰਕੇ ਜਾਨੀ ਤੇ ਮਾਲੀ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚ ਰਹੇ ਸਨ, ਤਾਂ ਜੋ ਲੋਕਾਂ ਵਿੱਚ ਦਹਿਸ਼ਤ ਫੈਲ ਸਕੇ।
ਪੁਲਿਸ ਨੇ ਰੇਡ ਦੌਰਾਨ ਆਰੋਪੀ ਕੁਲਦੀਪ ਸਿੰਘ, ਪਰਵਿੰਦਰ ਸਿੰਘ ਅਤੇ ਰਮਨੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀ ਦੋ ਆਰੋਪੀਆਂ ਦੀ ਭਾਲ ਜਾਰੀ ਹੈ।














