ਲੁਧਿਆਣਾ: 12 Jan 2026 AJ DI Awaaj
Punjab Desk : ਲੁਧਿਆਣਾ ਵਿੱਚ ਲੋਹੜੀ ਦੀ ਖੁਸ਼ੀ ਉਸ ਵੇਲੇ ਮਾਤਮ ਵਿੱਚ ਬਦਲ ਗਈ, ਜਦੋਂ ਮੋਗਾ ਰੋਡ ‘ਤੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਭੈਣ-ਭਰਾ ਦੀ ਮੌ*ਤ ਹੋ ਗਈ। ਇਹ ਭਿਆਨਕ ਹਾਦਸਾ ਪ੍ਰਦੇਸੀ ਢਾਬੇ ਦੇ ਨੇੜੇ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਥਾਰ ਅਤੇ ਸਵਿਫਟ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ।
ਟੱਕਰ ਇੰਨੀ ਭਿਆਨਕ ਸੀ ਕਿ ਸਵਿਫਟ ਕਾਰ ਦੇ ਏਅਰਬੈਗ ਖੁਲ੍ਹ ਗਏ ਅਤੇ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਹੇਠਾਂ ਜਾ ਵੱਜੀ। ਹਾਦਸੇ ਦੀ ਭਿਆਨਕ ਆਵਾਜ਼ ਦੂਰ-ਦੂਰ ਤੱਕ ਸੁਣੀ ਗਈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਹਾਦਸੇ ਵਿੱਚ ਮ*ਰਨ ਵਾਲਿਆਂ ਦੀ ਪਛਾਣ ਬਾਘਾਪੁਰਾਣਾ ਨਿਵਾਸੀ ਜਬਰ ਸਿੰਘ ਅਤੇ ਹਰਦੀਪ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਦੀ ਉਮਰ 34 ਤੋਂ 45 ਸਾਲ ਦੇ ਦਰਮਿਆਨ ਸੀ। ਦੋਵੇਂ ਆਪਣੀ ਛੋਟੀ ਭੈਣ ਨੂੰ ਲੁਧਿਆਣਾ ਵਿੱਚ ਲੋਹੜੀ ਦੇ ਕੇ ਵਾਪਸ ਘਰ ਪਰਤ ਰਹੇ ਸਨ ਕਿ ਰਸਤੇ ਵਿੱਚ ਇਹ ਦਰਦਨਾਕ ਹਾਦਸਾ ਵਾਪਰ ਗਿਆ। ਇਕ ਹੀ ਪਰਿਵਾਰ ਦੇ ਦੋ ਚਿਰਾਗ ਬੁੱਝ ਜਾਣ ਨਾਲ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਉੱਧਰ, ਹਾਦਸੇ ਵਿੱਚ ਸ਼ਾਮਲ ਥਾਰ ਗੱਡੀ ਦਾ ਡਰਾਈਵਰ ਇੰਦਰਜੀਤ ਸਿੰਘ, ਜੋ ਕਿ ਪਿੰਡ ਗੋਇੰਦਵਾਲ (ਰਾਏਕੋਟ) ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਜਗਰਾਓਂ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੋਂ ਮੁੱਢਲਾ ਇਲਾਜ ਕਰਕੇ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੁਲਿਸ ਮੁਤਾਬਕ, ਇੰਦਰਜੀਤ ਸਿੰਘ ਦੇਰ ਰਾਤ ਮੋਗਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ। ਜਿਵੇਂ ਹੀ ਥਾਰ ਮੋਗਾ ਰੋਡ ‘ਤੇ ਢਾਬੇ ਨੇੜੇ ਪਹੁੰਚੀ, ਵਾਹਨ ਅਚਾਨਕ ਬੇਕਾਬੂ ਹੋ ਗਿਆ ਅਤੇ ਸਾਹਮਣੇ ਆ ਰਹੀ ਚਿੱਟੀ ਸਵਿਫਟ ਕਾਰ ਨਾਲ ਟਕਰਾ ਗਿਆ। ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












