ਗੁਰਦਾਸਪੁਰ, 31 ਜੁਲਾਈ 2025 AJ DI Awaaj
Punjab Desk – ਕੈਂਸਰ ਦੇ ਵਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ), ਇੰਡੀਆ ਦੇ ਨਾਲ ਤਾਲਮੇਲ ਰਾਹੀਂ ਗੁਰਦਾਸਪੁਰ, ਬਠਿੰਡਾ ਅਤੇ ਐੱਸਏਐੱਸ ਨਗਰ (ਮੋਹਾਲੀ) ਜ਼ਿਿਲ੍ਹਆਂ ਵਿੱਚ ਇੱਕ ਵਿਆਪਕ ਅਤੇ ਲੋਕ-ਕੇਂਦਰਿਤ ਕੈਂਸਰ ਕੇਅਰ ਪਾਇਲਟ ਪ੍ਰੋਜੈਕਟ ‘ਮਿਸ਼ਨ ਉਮੀਦ’ ਸ਼ੁਰੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਬੀਤੇ ਕੱਲ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਸ਼ਵ ਸਿਹਤ ਸੰਗਠਨ ਦੇ ਨੁਮਾਇੰਦੇ ਡਾ. ਰੋਡਰਿਕ ਐੱਚ. ਓਫਰਿਨ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੋਹਰੀ ਪਹਿਲਕਦਮੀ ਵਿਕੇਂਦਰੀਕ੍ਰਿਤ ਅਤੇ ਪ੍ਰਣਾਲੀ-ਅਧਾਰਤ ਪਹੁੰਚ ਰਾਹੀਂ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ, ਜੋ ਭਾਰਤ ਵਿੱਚ ਤਿੰਨ ਸਭ ਤੋਂ ਵੱਧ ਪ੍ਰਚਲਿਤ ਅਤੇ ਰੋਕਥਾਮਯੋਗ ਕੈਂਸਰ ਬਿਮਾਰੀਆਂ ਹਨ, ਦਾ ਸ਼ੁਰੂ ਵਿੱਚ ਹੀ ਪਤਾ ਲਗਾਉਣ, ਸਮੇਂ ਸਿਰ ਜਾਂਚ ਅਤੇ ਤੁਰੰਤ ਇਲਾਜ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੀ ਗਈ ਹੈ। ਇਹ ਪ੍ਰਣਾਲੀ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ (ਐਨਪੀ-ਐਨਸੀਡੀ) ਨਾਲ ਰਣਨੀਤਕ ਤੌਰ ’ਤੇ ਮੇਲ ਖਾਂਦੀ ਹੈ ਅਤੇ ਇਸਦਾ ਉਦੇਸ਼ ਪੰਜਾਬ ਦੀ ਜਨਤਕ ਸਿਹਤ ਪ੍ਰਣਾਲੀ ਦੇ ਸਾਰੇ ਪੱਧਰਾਂ ਅਰਥਾਤ ਜ਼ਮੀਨੀ ਪੱਧਰ ’ਤੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਤੋਂ ਲੈ ਕੇ ਐਡਵਾਂਸਡ ਟਰਸ਼ਰੀ ਕੇਅਰ ਹਸਪਤਾਲਾਂ ਤੱਕ, ਕੈਂਸਰ ਦੇਖਭਾਲ ਸੇਵਾਵਾਂ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਭਾਈਵਾਲੀ ਦਾ ਉਦੇਸ਼ ਕੈਂਸਰ ਦੇ ਕੇਸਾਂ ਸਬੰਧੀ ਮੌਜੂਦਾ ਰੁਝਾਨ ਨੂੰ ਉਲਟਾਉਣਾ ਹੈ, ਜਿੱਥੇ ਪੰਜਾਬ ਵਿੱਚ 60 ਫੀਸਦ ਤੋਂ ਵੱਧ ਕੈਂਸਰ ਦੇ ਕੇਸਾਂ ਦਾ ਪਤਾ ਐਡਵਾਂਸਡ ਸਟੇਜ ’ਤੇ ਹੁੰਦਾ ਹੈ, ਜਿਸ ਨਾਲ ਇਸਦੇ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਦੀ ਗੁੰਜਾਇਸ਼ ਸੀਮਤ ਰਹਿ ਜਾਂਦੀ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਕੈਂਸਰ ਦਾ ਮਤਲਬ ਮੌਤ ਨਹੀਂ ਹੈ ਅਤੇ ਜੇਕਰ ਸਮੇਂ ਸਿਰ ਇਸਦਾ ਪਤਾ ਲੱਗ ਜਾਵੇ ਤਾਂ ਇਹ ਬਹੁਤ ਹੱਦ ਤੱਕ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸਦਾ ਜਲਦ ਪਤਾ ਲੱਗਣਾ ਹੀ ਇਸਦੇ ਪ੍ਰਭਾਵਸ਼ਾਲੀ ਇਲਾਜ ਦੀ ਕੁੰਜੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਸਿਹਤ ਵਿੱਚ ਸਾਡੇ ਵਿਸ਼ਵਾਸ ਨੂੰ ਇੱਕ ਮੌਲਿਕ ਅਧਿਕਾਰ ਵਜੋਂ ਦਰਸਾਉਂਦੀ ਹੈ ਅਤੇ ਸਾਰਿਆਂ ਲਈ ਇੱਕ ਪ੍ਰਭਾਵਸ਼ਾਲੀ ਅਤੇ ਸਮਾਵੇਸ਼ੀ ਸਿਹਤ ਪ੍ਰਣਾਲੀ ਬਣਾਉਣ ਦੇ ਸਾਡੇ ਸੰਕਲਪ ਦਾ ਪ੍ਰਤੀਬਿੰਬ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਕ ਮਿਸਾਲ ਕਾਇਮ ਕਰ ਰਹੇ ਹਾਂ ਅਤੇ ਇਹ ਦਿਖਾ ਰਹੇ ਹਾਂ ਕਿ ਕਿਵੇਂ ਆਧੁਨਿਕ ਸਿਹਤ ਪ੍ਰਣਾਲੀ ਅਤੇ ਮਜ਼ਬੂਤ ਭਾਈਵਾਲੀ ਰਾਹੀਂ ਅਸੀਂ ਮਰੀਜ਼ਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾ ਸਕਦੇ ਹਾਂ। ਉਨ੍ਹਾਂ ਨੇ ਗੈਰ-ਸਿਹਤਮੰਦ ਜੀਵਨ ਸ਼ੈਲੀ ਅਤੇ ਮਾੜੀਆਂ ਖ਼ੁਰਾਕੀ ਆਦਤਾਂ ਨੂੰ ਕੈਂਸਰ ਦੀਆਂ ਵਧਦੀਆਂ ਘਟਨਾਵਾਂ ਲਈ ਇੱਕ ਵੱਡਾ ਕਾਰਕ ਦੱਸਿਆ ਅਤੇ ਨਾਗਰਿਕਾਂ ਨੂੰ ਇੱਕ ਸਿਹਤਮੰਦ ਰੁਟੀਨ ਅਪਣਾਉਣ ਦੀ ਸਲਾਹ ਦਿੱਤੀ ਜਿਸ ਵਿੱਚ ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਸਰੀਰਕ ਕਸਰਤ ਅਤੇ ਘਰ ਵਿੱਚ ਪਕਾਇਆ ਪੋਸ਼ਟਿਕ ਭੋਜਨ ਖਾਣਾ ਆਦਿ ਸ਼ਾਮਲ ਹੈ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਹ ਪ੍ਰੋਜੈਕਟ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇਨੀਸ਼ੀਏਟਿਵ ਵਰਗੇ ਖੇਤਰਾਂ ਵਿੱਚ ਡਬਲਯੂ.ਐਚ.ਓ. ਇੰਡੀਆ ਨਾਲ ਪੰਜਾਬ ਦੇ ਮਜ਼ਬੂਤ ਸਹਿਯੋਗ ’ਤੇ ਆਧਾਰਿਤ ਹੈ ਅਤੇ ਹੁਣ ਕੈਂਸਰ ਵਰਗੀ ਗੰਭੀਰ ਚੁਣੌਤੀ ਨੂੰ ਹੱਲ ਕਰਨ ਲਈ ਉਸ ਸਾਂਝੇਦਾਰੀ ਦਾ ਵਿਸਥਾਰ ਕਰਦਾ ਹੈ। ਸ਼ੁਰੂਆਤੀ ਖੋਜ਼ ਅਤੇ ਇਲਾਜ ਦੀ ਪਾਲਣਾ ਵਿੱਚ ਵਾਧਾ ਕਰਨ ਤੋਂ ਇਲਾਵਾ, ਇਸ ਪਾਇਲਟ ਪ੍ਰੋਜੈਕਟ ਦਾ ਉਦੇਸ਼ ਤੀਜੇ ਦਰਜੇ ਦੇ ਹਸਪਤਾਲਾਂ ’ਤੇ ਬੋਝ ਘਟਾਉਣਾ, ਕਮਿਊਨਿਟੀ-ਪੱਧਰੀ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਅਤੇ ਇੱਕ ਸਕੇਲੇਬਲ ਮਾਡਲ ਸਥਾਪਤ ਕਰਨਾ ਹੈ ਜੋ ਕੈਂਸਰ ਦੀ ਰੋਕਥਾਮ ਅਤੇ ਇਲਾਜ ਵਿੱਚ ਕੌਮੀ ਅਤੇ ਵਿਸ਼ਵਵਿਆਪੀ ਰਣਨੀਤੀਆਂ ਤਿਆਰ ਕਰਦਾ ਹੈ।
