ਸ੍ਰੀ ਮੁਕਤਸਰ ਸਾਹਿਬ, 07 ਮਈ 2025 Aj Di Awaaj
ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਸ. ਕਰਨਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸੀ.ਆਰ.ਐਮ. (ਕਰਾਪ ਰੈਜ਼ੀਡਿਓ ਮੈਨੇਜ਼ਮੈਂਟ) ਅਤੇ ਐਸ.ਐਮ.ਏ.ਐਮ. (ਸਬ ਮਿਸ਼ਨ ਆਨ ਐਗਰੀਕਲਚਰ ਮਕੈਨੀਜੇਸ਼ਨ) ਸਕੀਮਾਂ ਹੇਠ ਖੇਤੀਬਾੜੀ ਮਸ਼ੀਨਰੀ ਉੱਤੇ ਮਿਲਣ ਵਾਲੀ ਸਰਕਾਰੀ ਸਬਸਿਡੀ ਲਈ ਆਨਲਾਈਨ ਅਰਜ਼ੀਆਂ ਭਰਨ ਦੀ ਆਖਰੀ ਮਿਤੀ 12 ਮਈ 2025 ਸ਼ਾਮ 5:00 ਵਜੇ ਤੱਕ ਹੈ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਦੋਵੇਂ ਸਕੀਮਾਂ ਹੇਠ ਲਾਭ ਲੈਣ ਵਾਲੇ ਕਿਸਾਨਾਂ ਲਈ ਇਹ ਇੱਕ ਸਰਕਾਰ ਵੱਲੋਂ ਸੁਨਹਿਰਾ ਮੌਕਾ ਉਪਲੱਬਧ ਕਰਵਾਇਆ ਗਿਆ ਹੈ, ਜਿਸ ਰਾਹੀਂ ਕਿਸਾਨ ਆਧੁਨਿਕ ਤਕਨਾਲੋਜੀ ਨੂੰ ਆਪਣੇ ਖੇਤੀਬਾੜੀ ਕਾਰਜਾਂ ਵਿੱਚ ਸ਼ਾਮਿਲ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੀ.ਆਰ.ਐਮ. ਅਤੇ ਐਸ.ਐਮ.ਏ.ਐਮ. ਸਕੀਮਾਂ ਹੇਠ ਉਪਲੱਬਧ ਮਸ਼ੀਨਾਂ ਨਾਂ ਸਿਰਫ ਉਤਪਾਦਨ ਵਧਾਉਂਦੀਆਂ ਹਨ ਸਗੋ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦੀਆਂ ਹਨ, ਫਸਲਾਂ ਦੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਦੀਆਂ ਹਨ, ਵਾਤਾਵਰਣ ਮਿੱਤਰ ਤਰੀਕਿਆਂ ਦਾ ਪ੍ਰਚਾਰ ਕਰਦੀਆਂ ਹਨ, ਖੇਤੀ ਦੀ ਲਾਗਤ ਘਟਾ ਕੇ ਆਮਦਨ ਵਿੱਚ ਵਾਧਾ ਕਰਦੀਆਂ ਹਨ ਅਤੇ ਬਰਨਿੰਗ ਦੀ ਥਾਂ ਵਿਗਿਆਨਕ ਹੱਲ ਦਿੰਦੀਆਂ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਈ ਵਾਰੀ ਆਖਰੀ ਦਿਨ ਇੰਟਰਨੈੱਟ ਦੀ ਸਪੀਡ ਸਲੋ ਜਾਂ ਸਰਵਰ ਲੋਡ ਹੋਣ ਕਰਕੇ ਤਕਨੀਕੀ ਰੁਕਾਵਟਾਂ ਆ ਜਾਂਦੀਆਂ ਹਨ, ਜਿਸ ਕਾਰਨ ਅਰਜ਼ੀ ਰੱਦ ਹੋਣ ਜਾਂ ਰਹਿ ਜਾਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਸਮੇਂ-ਸਿਰ ਆਪਣੀ ਅਰਜ਼ੀ ਨੂੰ www.agrimachinerypb.com ’ਤੇ ਅਪਲਾਈ ਕੀਤਾ ਜਾਵੇ ਅਤੇ ਆਖ਼ਰੀ ਦਿਨ ਦੀ ਉਡੀਕ ਨਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਅਰਜ਼ੀ ਭਰਨ ਸਮੇਂ ਮਸ਼ੀਨ ਦੀ ਚੋਣ ਸਹੀ ਢੰਗ ਨਾਲ ਕੀਤੀ ਜਾਵੇ, ਨਾਮ, ਆਧਾਰ ਨੰਬਰ, ਬੈਂਕ ਖਾਤਾ ਨੰਬਰ ਅਤੇ ਦਸਤਾਵੇਜ਼ ਪੂਰੇ ਅਤੇ ਸਹੀ ਹੋਣ । ਸਿਰਫ਼ ਆਨਲਾਈਨ ਰਾਹੀਂ ਅਪਲਾਈ ਕੀਤੀਆਂ ਅਰਜ਼ੀਆਂ ਹੀ ਮੰਨਣਯੋਗ ਹੋਣਗੀਆਂ ਅਤੇ ਆਖ਼ਰੀ ਮਿਤੀ ਤੋਂ ਬਾਅਦ ਭੇਜੀਆਂ ਗਈਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਅਤੇ ਹੋਰ ਜਾਣਕਾਰੀ ਲਈ ਕਿਸਾਨ ਆਪਣੇ ਬਲਾਕ ਦੇ ਖੇਤੀਬਾੜੀ ਦਫ਼ਤਰ ਜਾਂ ਮੁੱਖ ਦਫ਼ਤਰ, ਸ੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕਰ ਸਕਦੇ ਹਨ।
