ਬਾਦਸ਼ਾਹ ਦਾ ਮਾਫ਼ੀਨਾਮਾ, 50 ਧੀਆਂ ਦੀ ਸਿੱਖਿਆ ਦਾ ਵਾਅਦਾ

44

Haryana 08 Apr 2026 AJ DI Awaaj

National Desk :  ਬਾਲੀਵੁੱਡ ਗਾਇਕ-ਰੈਪਰ Badshah ਨੇ ਆਪਣੇ ਵਿਵਾਦਿਤ ਗੀਤ “ਟਟੀਰੀ” ਨੂੰ ਲੈ ਕੇ National Commission for Women (NCW) ਅੱਗੇ ਪੇਸ਼ ਹੋ ਕੇ ਬਿਨਾਂ ਸ਼ਰਤ ਮਾਫ਼ੀ ਮੰਗ ਲਈ ਹੈ। ਇਸ ਮਾਮਲੇ ਵਿੱਚ ਨਿਰਦੇਸ਼ਕ ਜੋਬਨ ਸੰਧੂ, ਮਹਾਵੀਰ ਸਿੰਘ ਅਤੇ ਨਿਰਮਾਤਾ ਹਿਤੇਨ ਵੀ ਕਮਿਸ਼ਨ ਅੱਗੇ ਹਾਜ਼ਰ ਹੋਏ।

ਕਮਿਸ਼ਨ ਦੀ ਪ੍ਰਧਾਨ Vijaya Rahatkar ਦੀ ਅਗਵਾਈ ਵਿੱਚ ਸੁਣਵਾਈ ਦੌਰਾਨ ਗੀਤ ਦੇ ਬੋਲ ਅਤੇ ਉਸਦੀ ਪੇਸ਼ਕਾਰੀ ਨੂੰ ਮਹਿਲਾਵਾਂ ਦੀ ਗਰਿਮਾ ਦੇ ਖਿਲਾਫ ਕਰਾਰ ਦਿੱਤਾ ਗਿਆ। ਇਸ ‘ਤੇ ਬਾਦਸ਼ਾਹ ਅਤੇ ਉਨ੍ਹਾਂ ਦੀ ਟੀਮ ਨੇ ਆਪਣੀ ਗਲਤੀ ਮੰਨਦੇ ਹੋਏ ਭਵਿੱਖ ਵਿੱਚ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ।

ਇਸਦੇ ਨਾਲ ਹੀ ਬਾਦਸ਼ਾਹ ਨੇ ਮਹਿਲਾ ਸਸ਼ਕਤੀਕਰਨ ਲਈ ਕਈ ਵਚਨ ਦਿੱਤੇ। ਉਨ੍ਹਾਂ ਨੇ ਚਾਰ ਮਹੀਨਿਆਂ ਵਿੱਚ ਇੱਕ ਸਕਾਰਾਤਮਕ ਗੀਤ ਬਣਾਉਣ ਅਤੇ ਆਰਥਿਕ ਤੌਰ ‘ਤੇ ਕਮਜ਼ੋਰ 50 ਕੁੜੀਆਂ ਦੀ ਸਿੱਖਿਆ ਦਾ ਖਰਚਾ ਉਠਾਉਣ ਦਾ ਐਲਾਨ ਕੀਤਾ।

ਪਹਿਲਾਂ ਵੀ ਬਾਦਸ਼ਾਹ ਨੇ ਇੱਕ ਵੀਡੀਓ ਜਾਰੀ ਕਰਕੇ ਮਾਫ਼ੀ ਮੰਗੀ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਗੀਤ ਦੇ ਕੁਝ ਲਿਰਿਕਸ ਅਤੇ ਵਿਜੁਅਲ ਪ੍ਰਜ਼ੇਂਟੇਸ਼ਨ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਲਈ ਉਹ ਖੇਦ ਪ੍ਰਗਟਾਉਂਦੇ ਹਨ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਕਿਸੇ ਵੀ ਔਰਤ ਜਾਂ ਬੱਚੇ ਬਾਰੇ ਅਪਮਾਨਜਨਕ ਕਹਿਣ ਦਾ ਕੋਈ ਇਰਾਦਾ ਨਹੀਂ ਸੀ।

ਕਮਿਸ਼ਨ ਦੇ ਸਾਹਮਣੇ ਪੇਸ਼ੀ ਦੌਰਾਨ ਬਾਦਸ਼ਾਹ ਨੇ ਇਹ ਵੀ ਕਿਹਾ ਕਿ ਉਹ ਸਿਰਫ਼ 50 ਕੁੜੀਆਂ ਦੀ ਪੜ੍ਹਾਈ ਦਾ ਖਰਚ ਨਹੀਂ ਉਠਾਉਣਗੇ, ਸਗੋਂ ਉਨ੍ਹਾਂ ਦੇ ਭਵਿੱਖ ਲਈ ਫੰਡ ਇਕੱਠੇ ਕਰਨ ਵਿੱਚ ਵੀ ਯੋਗਦਾਨ ਦੇਣਗੇ। ਉਨ੍ਹਾਂ ਦੇ ਵਕੀਲ ਅਕਸ਼ੈ ਦਹੀਆ ਨੇ ਦੱਸਿਆ ਕਿ ਗਾਇਕ ਨੇ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਉਹ ਅਜਿਹਾ ਕੋਈ ਵੀ ਗੀਤ ਨਹੀਂ ਬਣਾਉਣਗੇ ਜੋ ਮਹਿਲਾਵਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਏ।

ਜ਼ਿਕਰਯੋਗ ਹੈ ਕਿ “ਟਟੀਰੀ” ਗੀਤ 1 ਮਾਰਚ ਨੂੰ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ ਵਿੱਚ ਆ ਗਿਆ ਸੀ। ਕਈ ਸਮਾਜਿਕ ਸੰਗਠਨਾਂ ਨੇ ਇਸਦੇ ਬੋਲਾਂ ਅਤੇ ਵਿਜੁਅਲਜ਼ ‘ਤੇ ਐਤਰਾਜ਼ ਜਤਾਇਆ ਸੀ। ਇਸ ਮਾਮਲੇ ‘ਚ ਜੀੰਦ ਅਤੇ ਪੰਚਕੂਲਾ ਵਿੱਚ ਤਿੰਨ FIR ਦਰਜ ਕੀਤੀਆਂ ਗਈਆਂ, ਜਿਸ ਤੋਂ ਬਾਅਦ ਪੰਚਕੂਲਾ ਪੁਲਿਸ ਵੱਲੋਂ ਗੀਤ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ।