ਬਰਨਾਲਾ ਦੇ ਕਿੱਕ ਬਾਕਸਰਾਂ ਦੀ ਧਮਾਕੇਦਾਰ ਪ੍ਰਦਰਸ਼ਨ, ਨੈਸ਼ਨਲ ਵਿੱਚ 3 ਸੋਨ ਤੇ 2 ਚਾਂਦੀ ਦੇ ਤਗ਼ਮੇ

35

ਬਰਨਾਲਾ, 29 ਜੁਲਾਈ 2025 AJ DI Awaaj

Punjab Desk : ਛੱਤੀਸਗੜ੍ਹ ਦੇ ਰਾਇਪੁਰ ਵਿੱਚ ਪਿਛਲੇ ਦਿਨੀਂ ਹੋਈ ਹੋਈ ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਬਾਜ਼ੀ ਮਾਰੀ ਹੈ। ਜ਼ਿਲ੍ਹਾ ਬਰਨਾਲਾ ਦੀ ਝੋਲੀ 3 ਸੋਨ ਤਗ਼ਮੇ ਅਤੇ 2 ਚਾਂਦੀ ਦੇ ਤਗ਼ਮੇ ਪਏ ਹਨ। ਇਨ੍ਹਾਂ ਵਿਚੋਂ ਕਿੱਕ ਬਾਕਸਿੰਗ ਕੋਚ ਸਮੇਤ 2 ਦੀ ਚੋਣ ਵਿਸ਼ਵ ਚੈਂਪੀਅਨਸ਼ਿਪ ਲਈ ਹੋਈ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਇਨ੍ਹਾਂ ਖਿਡਾਰੀਆਂ ਦਾ ਆਪਣੇ ਦਫ਼ਤਰ ਵਿਖੇ ਸਨਮਾਨ ਕੀਤਾ ਅਤੇ ਆਉਂਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਓਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ
ਕਿੱਕ ਬਾਕਸਿੰਗ ਖਿਡਾਰੀਆਂ ਨੇ ਕੌਮੀ ਪੱਧਰ ‘ਤੇ ਮੱਲਾਂ ਮਾਰੀਆਂ ਹਨ।
ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਖੇਡ ਵਿਭਾਗ ਬਰਨਾਲਾ ਦੇ ਕੋਚ ਜਸਪ੍ਰੀਤ ਸਿੰਘ ਨੇ ਇਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ 91+ ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਹਾਸਲ ਕੀਤਾ ਹੈ। ਅਕਾਸ਼ਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਬਡਬਰ ਨੇ 91 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਸਨੀ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਬਰਨਾਲਾ ਨੇ 90 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਪੂਜਾ ਰਾਣੀ ਪੁੱਤਰੀ ਭਿੰਦੂ ਰਾਮ ਵਾਸੀ ਬਰਨਾਲਾ ਨੇ 70 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਪਰਦੀਪ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਧਨੌਲਾ ਨੇ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਓਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਵਿਚੋਂ ਕੋਚਜਸਪ੍ਰੀਤ ਸਿੰਘ ਢੀਂਡਸਾ ਅਤੇ ਆਕਾਸ਼ਦੀਪ ਸਿੰਘ ਦੀ ਚੋਣ ਵਿਸ਼ਵ ਚੈਂਪੀਅਨਸ਼ਿਪ ਲਈ ਹੋਈ ਹੈ ਜੋ ਕਿ ਨਵੰਬਰ 2025 ਵਿਚ ਅਬੂ ਧਾਬੀ (ਯੂ ਏ ਈ) ਵਿਚ ਹੋ ਰਹੀ ਹੈ।
ਓਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿੱਕ ਬਾਕਸਿੰਗ ਦਾ ਕੋਚਿੰਗ ਸੈਂਟਰ ਮਾਤਾ ਗੁਜਰੀ ਸਕੂਲ ਧਨੌਲਾ ਵਿਚ ਚੱਲ ਰਿਹਾ ਹੈ ਜਿੱਥੇ 30 ਦੇ ਕਰੀਬ ਖਿਡਾਰੀ ਕੋਚਿੰਗ ਲੈ ਰਹੇ ਹਨ। ਓਨ੍ਹਾਂ ਕਿਹਾ ਕਿ ਇਹ ਸਾਰੇ ਖਿਡਾਰੀ ਪਹਿਲਾਂ ਵੀ ਸੂਬਾ ਅਤੇ ਕੌਮੀ ਪੱਧਰ ‘ਤੇ ਮੱਲਾਂ ਮਾਰ ਚੁੱਕੇ ਹਨ।