14November 2025 Aj Di Awaaj
Punjab Desk ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਵੱਲੋਂ ਉਸਦੇ ਫੇਸਬੁੱਕ ਤੋਂ ਵੀਡੀਓ ਅਤੇ ਪੋਸਟਾਂ ਹਟਾਉਣ ਤੇ ਖਾਤਾ ਸਸਪੈਂਡ ਕਰਨ ਦੀ ਨਿੰਦਾ ਕੀਤੀ ਹੈ। ਖਹਿਰਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਆਦੇਸ਼ਾਂ ’ਤੇ ਪੰਜਾਬ ਲਾਅ ਇਨਫੋਰਸਮੈਂਟ ਏਜੰਸੀਆਂ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਫੇਸਬੁੱਕ ਨੇ ਇਹ ਕਾਰਵਾਈ ਕੀਤੀ ਹੈ।
ਖਹਿਰਾ ਨੇ ਦੱਸਿਆ ਕਿ ਫੇਸਬੁੱਕ ਵੱਲੋਂ ਉਸ ਨੂੰ ਇਹ ਸੂਚਨਾ ਦਿੱਤੀ ਗਈ ਕਿ ਉਸ ਦੀਆਂ ਵੀਡੀਓਆਂ ਭਾਰਤ ਵਿੱਚ “ਪੰਜਾਬ ਲਾਅ ਇਨਫੋਰਸਮੈਂਟ ਦੀ ਕਾਨੂੰਨੀ ਅਪੀਲ” ਦੇ ਆਧਾਰ ’ਤੇ ਹਟਾਈਆਂ ਗਈਆਂ ਹਨ। ਉਸਨੇ ਕਿਹਾ ਕਿ ਇਹ ਕਦਮ ਸਾਫ਼ ਦਰਸਾਉਂਦਾ ਹੈ ਕਿ ਸਰਕਾਰ ਏਜੰਸੀਆਂ ਦਾ ਦੁਰਵਰਤੋਂ ਕਰਕੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਸਦਾ ਕਹਿਣਾ ਹੈ ਕਿ ਮੁੱਖ ਮੰਤਰੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤਾਨਾਸ਼ਾਹੀ ਹਦਾਇਤਾਂ ’ਤੇ ਕੰਮ ਕਰ ਰਹੇ ਹਨ। ਪੰਜਾਬ ਨੂੰ ਇੱਕ ਪੁਲਿਸ ਸਟੇਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਵਿਰੋਧ ਜਾਂ ਅਸਹਿਮਤੀ ਲਈ ਕੋਈ ਜਗ੍ਹਾ ਨਹੀਂ ਰਹੀ।
ਖਹਿਰਾ ਨੇ ਕਿਹਾ, “ਪੁਲਿਸ ਰਾਹੀਂ ਮੇਰੀ ਫੇਸਬੁੱਕ ਆਈਡੀ ਅਤੇ ਵੀਡੀਓਆਂ ਹਟਵਾਉਣਾ, ਸਰਕਾਰ ਦੀ ਅਸੁਰੱਖਿਆ ਅਤੇ ਆਲੋਚਨਾ ਪ੍ਰਤੀ ਅਸਹਿਣਸ਼ੀਲਤਾ ਦਾ ਸਪਸ਼ਟ ਸਬੂਤ ਹੈ।”














