ਕਪਿਲ ਸ਼ਰਮਾ ਦੀਆਂ ਵਧੀਆਂ ਮੁਸ਼ਕਲਾਂ, ਕਾਨੂੰਨੀ ਪਚੜੇ ‘ਚ ਫਸਿਆ ਕਾਮੇਡੀਅਨ

26

ਨਵੀਂ ਦਿੱਲੀ 24 Dec 2025 AJ DI Awaaj

National Desk —ਕਪਿਲ ਸ਼ਰਮਾ ਦਾ ਨੈੱਟਫਲਿਕਸ ਸ਼ੋਅ “ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ” ਚੌਥੇ ਸੀਜ਼ਨ ਨਾਲ ਵਾਪਸੀ ਕਰ ਚੁੱਕਾ ਹੈ। ਇਸ ਸੀਜ਼ਨ ਦੇ ਪਹਿਲੇ ਐਪੀਸੋਡ ਵਿੱਚ ਪ੍ਰਿਯੰਕਾ ਚੋਪੜਾ ਨਜ਼ਰ ਆਈ, ਪਰ ਸੀਜ਼ਨ ਸ਼ੁਰੂ ਹੁੰਦਿਆਂ ਹੀ ਸ਼ੋਅ ਕਾਨੂੰਨੀ ਵਿਵਾਦਾਂ ‘ਚ ਘਿਰ ਗਿਆ।

ਦਰਅਸਲ, ਸ਼ੋਅ ਦੇ ਪਿਛਲੇ ਸੀਜ਼ਨ ਦੌਰਾਨ ਕਾਪੀਰਾਈਟ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਫੋਨੋਗ੍ਰਾਫਿਕ ਪਰਫਾਰਮੈਂਸ ਲਿਮਟਿਡ (PPL) ਇੰਡੀਆ ਨੇ ਕਪਿਲ ਸ਼ਰਮਾ ਦੇ ਸ਼ੋਅ ਖ਼ਿਲਾਫ਼ ਬੰਬੇ ਹਾਈ ਕੋਰਟ ਵਿੱਚ ਕੇਸ ਦਰਜ ਕਰਵਾਇਆ ਹੈ। ਦੋਸ਼ ਹੈ ਕਿ ਸ਼ੋਅ ਵਿੱਚ ਤਿੰਨ ਫਿਲਮੀ ਗਾਣੇ ਬਿਨਾਂ ਕਾਪੀਰਾਈਟ ਲਾਇਸੈਂਸ ਦੇ ਵਰਤੇ ਗਏ।

ਕਿਹੜੇ ਗਾਣਿਆਂ ‘ਤੇ ਹੈ ਐਤਰਾਜ਼?
PPL ਇੰਡੀਆ ਮੁਤਾਬਕ, 2003 ਦੀ ਫਿਲਮ ਮੁੰਨਾਭਾਈ MBBS ਦਾ ਗੀਤ “ਐਮ ਬੋਲੇ ਤੋ”, 2002 ਦੀ ਫਿਲਮ ਕਾਂਟੇ ਦਾ “ਰਾਮਾ ਰੇ” ਅਤੇ ਫਿਲਮ ਦੇਸੀ ਬੁਆਏਜ਼ ਦਾ “ਸੁਬਾਹ ਹੁੰਦੇ ਨਾ ਦੇ” ਬਿਨਾਂ ਇਜਾਜ਼ਤ ਸ਼ੋਅ ਵਿੱਚ ਚਲਾਏ ਗਏ।

ਇਹ ਐਪੀਸੋਡ 21 ਜੂਨ ਤੋਂ 20 ਸਤੰਬਰ ਦੇ ਦਰਮਿਆਨ ਨੈੱਟਫਲਿਕਸ ‘ਤੇ ਸਟ੍ਰੀਮ ਕੀਤੇ ਗਏ ਸਨ। ਪਹਿਲੇ ਐਪੀਸੋਡ ਵਿੱਚ ਜਾਨ੍ਹਵੀ ਕਪੂਰ ਅਤੇ ਸਿਧਾਰਥ ਮਲਹੋਤਰਾ ਮਹਿਮਾਨ ਸਨ, ਦੂਜੇ ‘ਚ “ਰਾਮਾ ਰੇ” ਵਰਤਿਆ ਗਿਆ, ਜਦਕਿ ਸੀਜ਼ਨ ਫਾਈਨਲ ‘ਚ ਅਕਸ਼ੈ ਕੁਮਾਰ ਦੀ ਐਂਟਰੀ ਦੌਰਾਨ ਦੇਸੀ ਬੁਆਏਜ਼ ਦਾ ਗੀਤ ਚਲਾਇਆ ਗਿਆ।

ਕੀ ਹੈ ਕਾਨੂੰਨੀ ਮਾਮਲਾ?
PPL ਇੰਡੀਆ ਦਾ ਕਹਿਣਾ ਹੈ ਕਿ ਇਹ ਗਾਣੇ 1957 ਦੇ ਕਾਪੀਰਾਈਟ ਐਕਟ ਅਧੀਨ “ਪਬਲਿਕ ਪਰਫਾਰਮੈਂਸ/ਕਮਿਊਨੀਕੇਸ਼ਨ ਟੂ ਪਬਲਿਕ” ਵਿੱਚ ਆਉਂਦੇ ਹਨ, ਜਿਸ ਲਈ ਅਧਿਕਾਰਤ ਲਾਇਸੈਂਸ ਲਾਜ਼ਮੀ ਹੁੰਦਾ ਹੈ। ਸ਼ਿਕਾਇਤ ਅਨੁਸਾਰ, ਨਾਂ ਤਾਂ ਲਾਇਸੈਂਸ ਲਿਆ ਗਿਆ ਅਤੇ ਨਾਂ ਹੀ ਇਜਾਜ਼ਤ ਦਿੱਤੀ ਗਈ।

ਇਸ ਮਾਮਲੇ ‘ਚ ਸ਼ੋਅ ਦੀਆਂ ਨਿਰਮਾਤਾ ਕੰਪਨੀਆਂ K9 Films Pvt Ltd ਅਤੇ BeingU Studios Pvt Ltd ‘ਤੇ ਕਾਪੀਰਾਈਟ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਹੁਣ ਮਾਮਲੇ ‘ਤੇ ਅਦਾਲਤ ਦੀ ਕਾਰਵਾਈ ਅੱਗੇ ਵਧੇਗੀ।