22 ਫਰਵਰੀ 2026 Aj Di Awaaj
ਐਂਟਰਟੇਨਮੈਂਟ ਡੈਸਕ: ਬਾਲੀਵੁੱਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਅਤੇ ਜੈਕੀ ਸ਼ਰਾਫ ਹਾਲ ਹੀ ਵਿੱਚ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਚੌਥੇ ਸੀਜ਼ਨ ਵਿੱਚ ਨਜ਼ਰ ਆਏ। ਸ਼ੋਅ ਦੌਰਾਨ ਦੋਵਾਂ ਨੇ ਆਪਣੇ ਕਰੀਅਰ ਨਾਲ ਜੁੜੀਆਂ ਕਈ ਯਾਦਗਾਰ ਗੱਲਾਂ ਸਾਂਝੀਆਂ ਕੀਤੀਆਂ, ਜਿਸ ਨਾਲ ਦਰਸ਼ਕਾਂ ਨੂੰ ਨਾ ਸਿਰਫ਼ ਹਾਸਾ ਆਇਆ, ਸਗੋਂ ਪੁਰਾਣੀਆਂ ਫ਼ਿਲਮਾਂ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ।
ਸ਼ੋਅ ਦੇ ਹੋਸਟ ਕਪਿਲ ਸ਼ਰਮਾ ਨੇ ਜਦੋਂ ਮਾਧੁਰੀ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਕਦੇ ਪਰਦੇ ‘ਤੇ ਕਿਸੇ ਐਕਟਰ ਨਾਲ ਰੋਮਾਂਸ ਕਰਦਿਆਂ ਘਬਰਾਹਟ ਮਹਿਸੂਸ ਹੋਈ ਹੈ, ਤਾਂ ਜੈਕੀ ਸ਼ਰਾਫ ਤੁਰੰਤ ਹੱਸਦੇ ਹੋਏ ਬੋਲੇ ਕਿ ਉਹ ਖੁਦ ਉਹਨਾਂ ਵਿੱਚੋਂ ਇੱਕ ਹਨ। ਜੈਕੀ ਨੇ ਖੁਲਾਸਾ ਕੀਤਾ ਕਿ ਮਾਧੁਰੀ ਨਾਲ ਰੋਮਾਂਟਿਕ ਸੀਨ ਕਰਦਿਆਂ ਉਨ੍ਹਾਂ ਨੂੰ ਕਾਫ਼ੀ ਸ਼ਰਮ ਆਉਂਦੀ ਸੀ। ਉਨ੍ਹਾਂ ਕਿਹਾ, “ਮਾਧੁਰੀ ਦੀਆਂ ਅੱਖਾਂ ਵਿੱਚ ਦੇਖ ਕੇ ਗੱਲ ਕਰਨਾ ਜਾਂ ਗਾਣਾ ਬਹੁਤ ਔਖਾ ਹੁੰਦਾ ਸੀ। ਉਹ ਭਾਵਨਾਵਾਂ ਬਹੁਤ ਸੱਚੀਆਂ ਲੱਗਦੀਆਂ ਸਨ।”
ਮਾਧੁਰੀ ਨੇ ਵੀ ਆਪਣੀ ਪਹਿਲੀ ਮੁਲਾਕਾਤ ਦਾ ਕਿੱਸਾ ਸਾਂਝਾ ਕਰਦੇ ਹੋਏ ਦੱਸਿਆ ਕਿ ਫ਼ਿਲਮ ਕਰਮਾ ਦੇ ਸੈੱਟ ‘ਤੇ ਜੈਕੀ ਸ਼ਰਾਫ ਅਤੇ ਅਨਿਲ ਕਪੂਰ ਉਨ੍ਹਾਂ ਦੀ ਪਰਫ਼ਾਰਮੈਂਸ ਧਿਆਨ ਨਾਲ ਦੇਖ ਰਹੇ ਸਨ, ਜਿਸ ਕਾਰਨ ਉਹ ਕਾਫ਼ੀ ਨਰਵਸ ਹੋ ਗਈ ਸੀ। ਜੈਕੀ ਨੇ ਹੱਸਦੇ ਹੋਏ ਕਿਹਾ ਕਿ ਕਈ ਵਾਰ ਉਹ ਆਪਣੀ ਰਿਹਰਸਲ ਛੱਡ ਕੇ ਮਾਧੁਰੀ ਦਾ ਡਾਂਸ ਦੇਖਣ ਲੱਗ ਪੈਂਦੇ ਸਨ।
ਜ਼ਿਕਰਯੋਗ ਹੈ ਕਿ ਮਾਧੁਰੀ ਦੀਕਸ਼ਿਤ ਅਤੇ ਜੈਕੀ ਸ਼ਰਾਫ ਨੇ ਰਾਮ ਲਖਨ, ਪਰਿੰਦਾ, ਖਲਨਾਇਕ, 100 ਡੇਜ਼, ਦੇਵਦਾਸ ਅਤੇ ਟੋਟਲ ਧਮਾਲ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ਦੋਵਾਂ ਦੀ ਜੋੜੀ ਨੂੰ ਅੱਜ ਵੀ ਦਰਸ਼ਕ ਖ਼ੂਬ ਪਸੰਦ ਕਰਦੇ ਹਨ।
Related














