Fazilka 3 ਦਸੰਬਰ 2025 AJ DI Awaaj
Punjab Desk : ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਧੂਕਾ ਵਿਖੇ ਮਾਨਯੋਗ ਜ਼ਿਲਾ ਸਿੱਖਿਆ ਅਫਸਰ ਸ਼੍ਰੀ ਅਜੈ ਕੁਮਾਰ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਿੰਸੀਪਲ ਸ਼੍ਰੀ ਰਜਿੰਦਰ ਕੁਮਾਰ ਵਿਖੋਨਾ, ਨੈਸ਼ਨਲ ਅਵਾਰਡੀ ਦੀ ਅਗਵਾਈ ਹੇਠ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ ਗਿਆ।
ਇਸ ਮੌਕੇ ਸ਼੍ਰੀ ਰਿੰਪਲ ਰਹੇਜਾ ਜੀ, ਹੈਡਮਾਸਟਰ ਅਤੇ ਦੀਪਕ ਜੁਨੇਜਾ, ਮੈਥ ਮਾਸਟਰ ਜੀ ਨੇ ਸਰਕਾਰੀ ਹਾਈ ਸਕੂਲ ਝੋਕ ਡਿਪੂਲਾਨਾ ਤੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਸ਼੍ਰੀ ਰਿੰਪਲ ਰਹੇਜਾ ਜੀ ਨੇ ਲਾਧੂਕਾ ਸਕੂਲ ਤੋਂ ਹੀ ਆਪਣੀ ਪੜ੍ਹਾਈ ਕੀਤੀ ਸੀ, ਅਤੇ ਅੱਜ ਉਹ ਆਪਣੀ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਪ੍ਰਤੀਕ ਬਣ ਕੇ ਖੜ੍ਹੇ ਹਨ।ਆਪਣੇ ਸੰਬੋਧਨ ਵਿੱਚ ਸ਼੍ਰੀ ਰਹੇਜਾ ਜੀ ਨੇ ਵਿਦਿਆਰਥੀਆਂ ਨੂੰ ਇਸ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਜ਼ਿੰਦਗੀ ਵਿੱਚ ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਨਾਲ ਅੱਗੇ ਵਧਣ ਦਾ ਸੰਦੇਸ਼ ਦਿੱਤਾ।
ਸਮਾਗਮ ਦਾ ਸਭ ਤੋਂ ਭਾਵੁਕ ਅਤੇ ਰੰਗਾਰੰਗ ਪਹਿਲੂ ਦਿਵਿਆਂਗ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਰਿਹਾ। ਇਨ੍ਹਾਂ ਵਿਸ਼ੇਸ਼ ਪ੍ਰਤਿਭਾ ਦੇ ਧਾਰਨੀ ਬੱਚਿਆਂ ਨੇ ਨਾਚ, ਗਾਇਨ ਅਤੇ ਭਾਸ਼ਣ ਸਮੇਤ ਕਈ ਵੱਖ-ਵੱਖ ਪ੍ਰੋਗਰਾਮਾਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਦੀਆਂ ਪੇਸ਼ਕਾਰੀਆਂ ਨੇ ਸਾਬਤ ਕਰ ਦਿੱਤਾ ਕਿ ਪ੍ਰਤਿਭਾ ਕਿਸੇ ਵੀ ਸੀਮਾ ਦੀ ਮੁਹਤਾਜ ਨਹੀਂ ਹੁੰਦੀ।
ਪ੍ਰਿੰਸੀਪਲ ਸ਼੍ਰੀ ਰਜਿੰਦਰ ਵਿਖੋਣਾ ਜੀ ਦੀ ਦੇਖ-ਰੇਖ ਹੇਠ ਸਮੂਹ ਸਟਾਫ ਨੇ ਮਿਲ ਕੇ ਇਸ ਦਿਨ ਨੂੰ ਸੱਚਮੁੱਚ ਯਾਦਗਾਰੀ ਬਣਾਇਆ, ਜਿਸ ਨੇ ਸਮਾਜ ਨੂੰ ਦਿਵਿਆਂਗ ਵਿਦਿਆਰਥੀਆਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਸਮਾਨਤਾ ਦਾ ਇੱਕ ਸ਼ਕਤੀਸ਼ਾਲੀ ਸੁਨੇਹਾ ਦਿੱਤਾ।














