6November 2025 Aj Di Awaaj
Punjab Desk ਪਰਾਲੀ ਨੂੰ ਖੇਤਾਂ ਵਿੱਚ ਨਾ ਸਾੜਨ ਅਤੇ ਇਸਨੂੰ ਖੇਤਾਂ ਵਿੱਚ ਵਾਹੁਣ ਨਾਲ ਹੋਣ ਵਾਲੇ ਲਾਭਾਂ ਤੋਂ ਪ੍ਰੇਰਿਤ ਹੋ ਕੇ, ਜੰਡਿਆਲਾ ਨੇੜਲੇ ਪਿੰਡ ਸਰਹਾਲੀ ਦੇ ਕਿਸਾਨ ਜੋਗਾ ਸਿੰਘ ਨੇ ਇਹ ਮੁਹਿੰਮ ਸ਼ੁਰੂ ਕੀਤੀ। ਉਹ ਇੰਨੇ ਉਤਸ਼ਾਹਤ ਹੋਏ ਕਿ ਆਪਣੇ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਪਰਾਲੀ ਸਾੜਨ ਤੋਂ ਰੋਕਣ ਲਈ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ। ਜੋਗਾ ਸਿੰਘ ਅਤੇ ਉਨ੍ਹਾਂ ਦੇ ਭਰਾ, ਸਾਬਕਾ ਸਰਪੰਚ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਪਰਗਟ ਸਿੰਘ ਸਰਹਾਲੀ ਨੇ ਘਰ-ਘਰ ਜਾ ਕੇ ਕਿਸਾਨਾਂ ਨੂੰ ਖੇਤਾਂ ਵਿੱਚ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਇਹ ਕੋਸ਼ਿਸ਼ ਰੰਗ ਲਿਆਈ ਅਤੇ ਇਸ ਸਾਲ ਪੂਰੇ ਪਿੰਡ ਨੇ ਮਿਲ ਕੇ ਪਰਾਲੀ ਸਾੜਨ ਤੋਂ ਬਚਣ ਦਾ ਫੈਸਲਾ ਕੀਤਾ ਹੈ।
ਕਿਸਾਨ ਜੋਗਾ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੇ ਕਿਸੇ ਵੀ ਕਿਸਾਨ ਨੇ ਅਜੇ ਤੱਕ ਖੇਤਾਂ ਵਿੱਚ ਅੱਗ ਨਹੀਂ ਲਗਾਈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸਾਰੇ ਕਿਸਾਨ ਆਪਣੇ ਇਸ ਪ੍ਰਣ ’ਤੇ ਕਾਇਮ ਰਹਿਣਗੇ। ਉਨ੍ਹਾਂ ਦੱਸਿਆ ਕਿ 2024 ਦੇ ਸੀਜ਼ਨ ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ ਪਿੰਡ ਵਿੱਚ ਪਰਾਲੀ ਸਾੜਨ ਦੇ ਸਿਰਫ਼ 25 ਫੀਸਦੀ ਮਾਮਲੇ ਹੀ ਸਾਹਮਣੇ ਆਏ ਸਨ।
ਜੋਗਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਸਾਲ ਪਹਿਲਾਂ, 2022 ਵਿੱਚ, ਝੋਨੇ ਦੀ ਪਰਾਲੀ ਨਾ ਸਾੜਨ ਦਾ ਫੈਸਲਾ ਕੀਤਾ ਸੀ। ਉਦੋਂ ਤੋਂ ਉਹ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਹੀ ਕਣਕ ਤੇ ਹੋਰ ਫਸਲਾਂ ਦੀ ਬਿਜਾਈ ਕਰ ਰਹੇ ਹਨ। ਭਾਵੇਂ ਜੋਗਾ ਸਿੰਘ ਛੋਟੇ ਕਿਸਾਨ ਹਨ ਅਤੇ ਉਨ੍ਹਾਂ ਦੀ ਆਪਣੀ ਮਾਲਕੀ ਵਾਲੀ ਜ਼ਮੀਨ ਸਿਰਫ਼ ਢਾਈ ਏਕੜ ਹੈ, ਪਰ ਉਹ ਠੇਕੇ ’ਤੇ ਜ਼ਮੀਨ ਲੈ ਕੇ ਲਗਭਗ 45 ਏਕੜ ਰਕਬੇ ਵਿੱਚ ਖੇਤੀ ਕਰਦੇ ਹਨ। ਉਹ ਕਣਕ, ਸਰ੍ਹੋਂ, ਕਮਾਦ, ਝੋਨਾ ਅਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਉਹ ਸੁਪਰਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ, ਜਿਸ ਨਾਲ ਬਹੁਤ ਚੰਗੇ ਨਤੀਜੇ ਮਿਲ ਰਹੇ ਹਨ।














