ਮਾਲੇਰਕੋਟਲਾ 25 ਜੁਲਾਈ 2025 AJ DI Awaaj
Punjab Desk : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੀ ਅਗਵਾਈ ਹੇਠ ਜਿਲ੍ਹਾ ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਗਤੀਵਿਧੀ ਡਰਾਈ ਡੇਅ ਫਰਾਈ ਡੇਅ ਤਹਿਤ ਸ਼ਹਿਰ ਅੰਦਰਲੇ ਧਾਰਮਿਕ ਸਥਾਨਾਂ, ਇਤਿਹਾਸਿਕ ਤੇ ਜਨਤਕ ਅਦਾਰਿਆਂ ਸਮੇਤ ਵੱਖ ਵੱਖ ਥਾਵਾਂ ਤੇ ਲਾਰਵੇ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਲਾਰਵੇ ਦਾ ਨਿਰੀਖਣ ਕਰਨ ਲਈ ਮਲਟੀਪਰਪਜ ਸਿਹਤ ਟੀਮਾਂ ਵੱਲੋਂ ਵੱਖ- ਵੱਖ ਥਾਵਾਂ ਤੇ ਦੌਰਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਜਿਹਨਾਂ ਵੱਲੋਂ ਟੀਮਾਂ ਵੱਲੋਂ 347 ਧਾਰਮਿਕ, ਇਤਿਹਾਸਕ ਤੇ ਜਨਤਕ ਥਾਵਾਂ ਤੇ ਚੈਕਿੰਗ ਦੌਰਾਨ 7108 ਕੰਟੇਨਰ ਚੈੱਕ ਕੀਤੇ ਗਏ ਅਤੇ ਇਹਨਾਂ ਵਿੱਚ 33 ਥਾਵਾਂ ਤੋਂ ਲਾਰਵਾ ਮਿਲਿਆ ਜਿਸਨੂੰ ਮੌਕੇ ਤੇ ਨਸ਼ਟ ਕਰਵਾ ਕੇ 32 ਚਿਤਾਵਨੀ ਨੋਟਿਸ ਜਾਰੀ ਕੀਤੇ ਗਏ।
ਉਹਨਾਂ ਅੱਗੇ ਕਿਹਾ ਕਿ ਇਹਨਾਂ ਟੀਮਾਂ ਵੱਲੋਂ ਪਾਣੀ ਵਾਲੀਆਂ ਟੈਂਕੀਆਂ, ਕੂਲਰਾਂ, ਗਮਲਿਆਂ, ਫਜੂਲ ਪਏ ਬਰਤਨਾਂ, ਟਾਇਰਾਂ, ਅਤੇ ਹੋਰ ਉਹਨਾਂ ਥਾਵਾਂ ਦੀ ਜਾਂਚ ਕੀਤੀ ਗਈ, ਜਿਥੇ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਵਧੇਰੇ ਹੈ । ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਵਿਸ਼ੇਸ਼ ਤੌਰ ਤੇ ਵੱਖ- ਵੱਖ ਥਾਵਾਂ ਤੇ ਡੇਂਗੂ ਦੀ ਰੋਕਥਾਮ ਲਈ ਚੈਕਿੰਗ ਕੀਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਜਿਆਦਾਤਰ ਸਵੇਰੇ ਤੇ ਸ਼ਾਮ ਦੇ ਸਮੇਂ ਕੱਟਦਾ ਹੈ ਅਤੇ ਇਹ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਹਫਤੇ ਵਿੱਚ ਘੱਟੋ ਘੱਟ ਇੱਕ ਵਾਰ ਟੈਂਕੀਂ ਅਤੇ ਕੂਲਰ ਦੀ ਸਫਾਈ ਕਰਨੀ ਚਾਹੀਦੀ ਹੈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਿਸ਼ਮਾ ਭੌਰਾ, ਜਿਲ੍ਹਾ ਐਪੀਡੀਮਾਲੋਜਿਸਟ ਡਾ.ਮੁਨੀਰ ਮੁਹੰਮਦ, ਮਾਸ ਮੀਡੀਆ ਤੋਂ ਰਣਵੀਰ ਸਿੰਘ ਢੰਡੇ, ਐਨ.ਵੀ.ਬੀ.ਡੀ.ਸੀ.ਪੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਰਾਜੇਸ਼ ਰਿਖੀ, ਐਨ.ਵੀ.ਬੀ.ਡੀ.ਸੀ.ਪੀ ਸਹਾਇਕ ਮੁਹੰਮਦ ਰਾਸ਼ਿਦ ਅਤੇ ਵਿਕਰਮ ਸਿੰਘ, ਸੁਖਵਿੰਦਰ ਸਿੰਘ ਸਮੇਤ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ ।
