ਮਾਲੇਰਕੋਟਲਾ 28 ਦਸੰਬਰ 2025 AJ DI Awaaj
Punjab Desk : ਪੰਜਾਬ ਸਰਕਾਰ ਦੀ ਖੇਤੀ ਵਿੱਚ ਨਵੀਨਤਾ ਅਤੇ ਟਿਕਾਊ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਵਿਸ਼ੇਸ਼ ਪਹਿਲਕਦਮੀ ਤਹਿਤ, ਪਿੰਡ ਦੌਲਤਪੁਰ ਮਾਲੇਰਕੋਟਲਾ ਦੇ ਜਾਗਰੂਕ ਅਤੇ ਅਗਾਂਹਵਧੂ ਕਿਸਾਨ ਕਰਨਬੀਰ ਸਿੰਘ ਨੇ ਆਪਣੀ 15 ਏਕੜ ਜ਼ਮੀਨ ‘ਤੇ ਫ਼ਸਲੀ ਵਿਭਿੰਨਤਾ (Crop Diversification) ਦਾ ਇੱਕ ਪ੍ਰੇਰਣਾਦਾਇਕ ਅਤੇ ਉਦਾਹਰਣਯੋਗ ਮਾਡਲ ਸਥਾਪਿਤ ਕੀਤਾ ਹੈ। ਇਹ ਮਾਡਲ ਖੇਤੀਬਾੜੀ ਵਿਭਾਗ, ਪੰਜਾਬ ਦੇ ਮਾਰਗਦਰਸ਼ਨ ਹੇਠ ਵਿਗਿਆਨਕ ਅਤੇ ਤਕਨੀਕੀ ਢੰਗ ਨਾਲ ਅਪਣਾਇਆ ਗਿਆ ਹੈ।
ਕਰਨਬੀਰ ਸਿੰਘ ਵੱਲੋਂ ਸਾਉਣੀ ਮੌਸਮ ਵਿੱਚ ਮੱਕੀ ਅਤੇ ਹਾੜੀ ਮੌਸਮ ਵਿੱਚ ਆਲੂ ਦੀ ਕਾਸ਼ਤ ਕਰਕੇ ਇੱਕ ਯੋਜਨਾਬੱਧ ਬਦਲਵੀ ਫ਼ਸਲੀ ਚੱਕਰ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ ਗਿਆ ਹੈ। ਇਹ ਫ਼ਸਲੀ ਚੱਕਰ ਨਾ ਸਿਰਫ਼ ਕਿਸਾਨ ਦੀ ਆਮਦਨ ਵਿੱਚ ਵਾਧਾ ਕਰਦਾ ਹੈ, ਸਗੋਂ ਮਿੱਟੀ ਦੀ ਸਿਹਤ, ਪਾਣੀ ਦੀ ਬਚਤ ਅਤੇ ਵਾਤਾਵਰਣ ਸੰਰਖਣ ਲਈ ਵੀ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਹੈ।ਇਸ ਵਿਭਿੰਨਤਾ ਮਾਡਲ ਦੇ ਮੁੱਖ ਲਾਭਾਂ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ, ਪਾਣੀ ਦੀ ਘੱਟ ਖਪਤ, ਅਤੇ ਕੀੜੇ-ਮਕੌੜਿਆਂ ਤੇ ਫ਼ਸਲੀ ਰੋਗਾਂ ‘ਤੇ ਕੁਦਰਤੀ ਤੌਰ ‘ਤੇ ਕਾਬੂ ਸ਼ਾਮਲ ਹਨ। ਇਸ ਦੇ ਨਾਲ ਹੀ ਆਲੂ ਵਰਗੀ ਉੱਚ ਮੁੱਲ ਵਾਲੀ ਨਕਦੀ ਫ਼ਸਲ ਨੇ ਕਿਸਾਨ ਕਰਨਬੀਰ ਸਿੰਘ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਹੈ।
ਖੇਤੀਬਾੜੀ ਵਿਕਾਸ ਅਫ਼ਸਰ ਸਤਿੰਦਰ ਕੌਰ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ“ ਕਰਨਬੀਰ ਸਿੰਘ ਵਰਗੇ ਕਿਸਾਨ ਟਿਕਾਊ ਅਤੇ ਵਿਗਿਆਨਕ ਖੇਤੀ ਦੇ ਅਸਲ ਸੇਧੀ ਹਨ। ਇਹ ਮਾਡਲ ਸਾਬਤ ਕਰਦਾ ਹੈ ਕਿ ਫ਼ਸਲੀ ਵਿਭਿੰਨਤਾ ਰਾਹੀਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਸਾਂਭਿਆ ਜਾ ਸਕਦਾ ਹੈ। ਇਹ ਪੰਜਾਬ ਸਰਕਾਰ ਦੀ ‘ਪੰਜਾਬ ਦੀ ਖੇਤੀ ਨੂੰ ਪੁਨਰਜੀਵਤ ਕਰਨ’ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲਗਾਤਾਰ ਕਣਕ ਝੋਨੇ ਦੇ ਫ਼ਸਲੀ ਚੱਕਰ ਕਾਰਨ ਪਾਣੀ ਦੀ ਖਪਤ ਵੱਧ ਰਹੀ ਹੈ, ਮਿੱਟੀ ਦੀ ਗੁਣਵੱਤਾ ਘਟ ਰਹੀ ਹੈ ਅਤੇ ਕੀੜੇ-ਮਕੌੜੇ ਤੇ ਬਿਮਾਰੀਆਂ ਵੱਧ ਰਹੀਆਂ ਹਨ।
ਆਪਣੇ ਤਜਰਬੇ ਸਾਂਝੇ ਕਰਦਿਆਂ ਕਰਨਬੀਰ ਸਿੰਘ ਨੇ ਦੱਸਿਆ,“ਮੈਂ ਪਹਿਲਾਂ ਸਿਰਫ਼ ਕਣਕ- ਝੋਨੇ ‘ਤੇ ਨਿਰਭਰ ਸੀ, ਪਰ ਮੱਕੀ-ਆਲੂ ਦੇ ਫ਼ਸਲੀ ਚੱਕਰ ਨਾਲ ਹੁਣ ਮੇਰੀ ਆਮਦਨ ਵੀ ਵਧੀ ਹੈ ਅਤੇ ਮਿੱਟੀ ਵਿੱਚ ਵੀ ਸੁਧਾਰ ਨਜ਼ਰ ਆ ਰਿਹਾ ਹੈ। ਮੈਂ ਹੋਰ ਕਿਸਾਨ ਭਰਾਵਾਂ ਨੂੰ ਵੀ ਫ਼ਸਲੀ ਵਿਭਿੰਨਤਾ ਵੱਲ ਕਦਮ ਵਧਾਉਣ ਦੀ ਅਪੀਲ ਕਰਦਾ ਹਾਂ।”
ਇਸ ਤਰ੍ਹਾਂ ਦੀਆਂ ਸਫ਼ਲ ਪਹਿਲਕਦਮੀਆਂ ਨੂੰ ਹੋਰ ਵਧਾਵਾ ਦੇਣ ਅਤੇ ਹੋਰ ਕਿਸਾਨਾਂ ਨੂੰ ਆਧੁਨਿਕ ਅਤੇ ਟਿਕਾਊ ਖੇਤੀ ਤਕਨੀਕਾਂ ਨਾਲ ਜੋੜਨ ਲਈ ਖੇਤੀਬਾੜੀ ਵਿਭਾਗ, ਪੰਜਾਬ ਵੱਲੋਂ ਪਿੰਡਾਂ ਵਿੱਚ ਸਮੇਂ-ਸਮੇਂ ‘ਤੇ ਜਾਗਰੂਕਤਾ ਅਤੇ ਤਰਬੀਅਤੀ ਕੈਂਪ ਲਗਾਏ ਜਾ ਰਹੇ ਹਨ।














