17 ਦਸੰਬਰ, 2025 ਅਜ ਦੀ ਆਵਾਜ਼
Sports Desk: ਭਾਰਤੀ ਟੀਮ ਦੇ ਧਾਕੜ ਓਪਨਰ ਯਸ਼ਸਵੀ ਜਾਇਸਵਾਲ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਪੁਣੇ ਵਿੱਚ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਸੁਪਰ ਲੀਗ ਮੁਕਾਬਲੇ ਤੋਂ ਬਾਅਦ ਜਾਇਸਵਾਲ ਨੂੰ ਪੇਟ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿੰਪਰੀ-ਚਿੰਚਵੜ ਸਥਿਤ ਆਦਿਤਿਆ ਬਿਰਲਾ ਹਸਪਤਾਲ ਲਿਜਾਇਆ ਗਿਆ।
ਰਿਪੋਰਟਾਂ ਮੁਤਾਬਕ, ਮੈਚ ਦੌਰਾਨ ਹੀ ਜਾਇਸਵਾਲ ਪੇਟ ਦੇ ਮਰੋੜਾਂ ਨਾਲ ਜੂਝ ਰਹੇ ਸਨ, ਜੋ ਬਾਅਦ ਵਿੱਚ ਵਧ ਗਏ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਐਕਿਊਟ ਗੈਸਟਰੋਐਂਟਰਾਈਟਿਸ ਹੋਣ ਦੀ ਪੁਸ਼ਟੀ ਕੀਤੀ। 23 ਸਾਲਾ ਬੱਲੇਬਾਜ਼ ਨੂੰ ਡਰਿੱਪ ਰਾਹੀਂ ਦਵਾਈਆਂ ਦਿੱਤੀਆਂ ਗਈਆਂ ਅਤੇ ਅਲਟਰਾਸਾਊਂਡ ਤੇ ਸੀਟੀ ਸਕੈਨ ਵੀ ਕੀਤਾ ਗਿਆ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਜਾਇਸਵਾਲ ਨੇ ਰਾਜਸਥਾਨ ਖਿਲਾਫ ਮੈਚ ਖੇਡਿਆ ਅਤੇ 16 ਗੇਂਦਾਂ ਵਿੱਚ 15 ਦੌੜਾਂ ਬਣਾਈਆਂ। ਹਾਲਾਂਕਿ BCCI ਵੱਲੋਂ ਉਨ੍ਹਾਂ ਦੀ ਸਿਹਤ ਬਾਰੇ ਹਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਉਮੀਦ ਹੈ ਕਿ ਅਗਲੇ ਅੰਤਰਰਾਸ਼ਟਰੀ ਮੁਕਾਬਲਿਆਂ ਤੋਂ ਪਹਿਲਾਂ ਜਾਇਸਵਾਲ ਪੂਰੀ ਤਰ੍ਹਾਂ ਫਿਟ ਹੋ ਜਾਣਗੇ।














