ਹੁਸ਼ਿਆਰਪੁਰ, 25 ਜੁਲਾਈ 2025 AJ DI Awaaj
Punjab Desk : ਸਮਾਜਿਕ ਸਿਹਤ ਅਤੇ ਭਲਾਈ ਪ੍ਰਤੀ ਆਪਣੀ ਨਿਰੰਤਰ ਵਚਨਬੱਧਤਾ ਦੇ ਹਿੱਸੇ ਵਜੋਂ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐਲ), ਊਨਾ ਦੀ ਉੱਤਰੀ ਖੇਤਰ ਪਾਈਪਲਾਈਨਜ਼ (ਐਨ.ਆਰ.ਪੀ.ਐਲ) ਨੇ ਆਪਣੀ ਪ੍ਰਮੁੱਖ ਸੀ.ਐਸ.ਆਰ ਪਹਿਲਕਦਮੀ, ਪ੍ਰੋਜੈਕਟ ਅਰੋਗਿਆ ਧਾਰਾ ਦੇ ਤਹਿਤ ਸਿਵਲ ਹਸਪਤਾਲ, ਹੁਸ਼ਿਆਰਪੁਰ ਨੂੰ ਥੈਲੇਸੀਮੀਆ ਮਰੀਜ਼ਾਂ ਲਈ 1000 ਬੈੱਡਸਾਈਡ ਕੰਪੋਨੈਂਟ ਦਾਨ ਕੀਤੇ।
ਇਹ ਕੰਪੋਨੈਂਟ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਵੱਲੋਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਸੀਮਾ ਗਰਗ ਦੀ ਮੌਜੂਦਗੀ ਵਿਚ ਰਸਮੀ ਤੌਰ ‘ਤੇ ਹਸਪਤਾਲ ਨੂੰ ਸੌਂਪੇ ਗਏ। ਇਹ ਕੰਪੋਨੈਂਟ ਮੁੱਖ ਤੌਰ ‘ਤੇ ਥੈਲੇਸੀਮੀਆ ਤੋਂ ਪ੍ਰਭਾਵਿਤ ਬੱਚਿਆਂ ਲਈ ਵਰਤੇ ਜਾਣਗੇ ਜਿਨ੍ਹਾਂ ਨੂੰ ਨਿਯਮਿਤ ਖੂਨ ਚੜ੍ਹਾਉਣ ਅਤੇ ਲੰਬੇ ਸਮੇਂ ਦੀ ਦੇਖਭਾਲ ਦੀ ਲੋੜ ਹੁੰਦੀ ਹੈ।
ਇਸ ਮੌਕੇ ਐਨ.ਆਰ.ਪੀ.ਐਲ ਊਨਾ ਦੇ ਸੀਨੀਅਰ ਆਪ੍ਰੇਸ਼ਨ ਮੈਨੇਜਰ ਅਮਨਦੀਪ ਭਾਰਦਵਾਜ਼ ਨੇੇ ਕਿਹਾ ਕਿ ਇੰਡੀਅਨ ਆਇਲ ਦੇ ਪ੍ਰੋਜੈਕਟ ਅਰੋਗਿਆ ਧਾਰਾ ਦਾ ਉਦੇਸ਼ ਮਹੱਤਵਪੂਰਨ ਸਿਹਤ ਸੰਭਾਲ ਬੁਨਿਆਦੀ ਢਾਂਚੇ ਦਾ ਸਮਰਥਨ ਕਰਨਾ ਅਤੇ ਜਨਤਕ ਸਿਹਤ ਸਹੂਲਤਾਂ ਵਿਚ ਪ੍ਰਦਾਨ ਕੀਤੇ ਜਾਣ ਵਾਲੇ ਇਲਾਜ ਦੀ ਗੁਣਵੱਤਾ ਨੂੰ ਵਧਾਉਣਾ ਹੈ। ਇਹ ਪਹਿਲਕਦਮੀ ਥੈਲੇਸੀਮੀਆ ਵਰਗੀਆਂ ਪੁਰਾਣੀਆਂ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਲਈ ਦੇਖਭਾਲ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣ ਅਤੇ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਇੰਡੀਅਨ ਆਇਲ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਆਸ਼ਿਕਾ ਜੈਨ ਨੇ ਇੰਡੀਅਨ ਆਇਲ ਦੇ ਉਦਾਰ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰ ਅਤੇ ਜਨਤਕ ਖੇਤਰ ਦੇ ਉੱਦਮਾਂ ਵਿਚਕਾਰ ਅਜਿਹੇ ਸਹਿਯੋਗ ਜ਼ਮੀਨੀ ਪੱਧਰ ‘ਤੇ ਸਿਹਤ ਸੰਭਾਲ ਪ੍ਰਦਾਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹਨ।
ਇਹ ਪਹਿਲਕਦਮੀ ਇੰਡੀਅਨ ਆਇਲ ਦੇ ਟਿਕਾਊ ਅਤੇ ਸਮਾਵੇਸ਼ੀ ਸੀ.ਐਸ.ਆਰ ਪ੍ਰੋਗਰਾਮਾਂ ਰਾਹੀਂ ਰਾਸ਼ਟਰ-ਨਿਰਮਾਣ ਵਿਚ ਯੋਗਦਾਨ ਪਾਉਣ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੀ ਹੈ ਜੋ ਸਥਾਈ ਸਮਾਜਿਕ ਪ੍ਰਭਾਵ ਪੈਦਾ ਕਰਦੇ ਹਨ।
