31October 2025 Aj Di Awaaj
Sports Desk ਆਈਸੀਸੀ ਮਹਿਲਾ ਇੱਕ ਦਿਵਸੀਏ ਵਿਸ਼ਵ ਕੱਪ 2025 ਦਾ ਦੂਜਾ ਸੈਮੀਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਨਵੀਂ ਮੁੰਬਈ ਦੇ ਡਾ. ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿੱਚ ਖੇਡਿਆ ਗਿਆ। ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਅਤੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। 127 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੀ ਜੇਮੀਮਾ ਰੌਡਰਿਗਜ਼ ਇਸ ਜਿੱਤ ਦੀ ਹੀਰੋ ਬਣੀ।
ਹੁਣ ਭਾਰਤ 2 ਨਵੰਬਰ ਨੂੰ ਨਵੀਂ ਮੁੰਬਈ ਵਿੱਚ ਹੋਣ ਵਾਲੇ ਫਾਈਨਲ ਵਿੱਚ ਦੱਖਣੀ ਅਫਰੀਕਾ ਨਾਲ ਮੁਕਾਬਲਾ ਕਰੇਗਾ। ਟਾਸ ਜਿੱਤ ਕੇ ਆਸਟ੍ਰੇਲੀਆਈ ਕਪਤਾਨ ਐਲਿਸਾ ਹੀਲੀ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਟੀਮ ਨੇ 338 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਜਵਾਬ ਵਿੱਚ, ਭਾਰਤ ਨੇ 48.3 ਓਵਰਾਂ ਵਿੱਚ ਸਿਰਫ਼ 5 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਜੇਮੀਮਾ ਦੇ ਨਾਲ ਅਮਨਜੋਤ ਕੌਰ ਨੇ ਵੀ ਅੰਤ ਤਕ ਖੇਡਦਿਆਂ 8 ਗੇਂਦਾਂ ‘ਤੇ 15 ਦੌੜਾਂ ਜੋੜੀਆਂ।
ਜਿੱਤ ਤੋਂ ਬਾਅਦ ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਜਜ਼ਬਾਤੀ ਹੋ ਗਈ ਅਤੇ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਜੇਮੀਮਾ ਰੌਡਰਿਗਜ਼ ਨੇ ਵੀ ਭਾਵਨਾਵਾਂ ‘ਤੇ ਕਾਬੂ ਨਾ ਰੱਖ ਸਕੀ ਤੇ ਹੰਝੂਆਂ ਰਾਹੀਂ ਆਪਣੀ ਖੁਸ਼ੀ ਜਤਾਈ। ਉਸਨੂੰ ਮੈਚ ਦੀ ਸਭ ਤੋਂ ਵਧੀਆ ਖਿਡਾਰਨ (ਪਲੇਅਰ ਆਫ਼ ਦ ਮੈਚ) ਚੁਣਿਆ ਗਿਆ।
ਇਹ ਭਾਰਤ ਵੱਲੋਂ ਮਹਿਲਾ ਵਨਡੇ ਇਤਿਹਾਸ ਵਿੱਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਵਾਲੀ ਜਿੱਤ ਰਹੀ। ਇਸ ਤੋਂ ਪਹਿਲਾਂ ਭਾਰਤ ਨੇ ਸਭ ਤੋਂ ਵੱਡਾ ਟੀਚਾ 265 ਦੌੜਾਂ ਦਾ ਪੂਰਾ ਕੀਤਾ ਸੀ।
ਉਧਰ, ਦੱਖਣੀ ਅਫਰੀਕਾ ਨੇ 29 ਅਕਤੂਬਰ 2025 ਨੂੰ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿੱਚ ਹੋਏ ਪਹਿਲੇ ਸੈਮੀਫਾਈਨਲ ‘ਚ ਇੰਗਲੈਂਡ ਨੂੰ 125 ਦੌੜਾਂ ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਹੁਣ, ਪੁਰਸ਼ਾਂ ਦੇ 2024 ਟੀ-20 ਵਿਸ਼ਵ ਕੱਪ ਫਾਈਨਲ ਤੋਂ ਬਾਅਦ, ਮਹਿਲਾ ਵਨਡੇ ਵਿਸ਼ਵ ਕੱਪ ਦਾ ਫਾਈਨਲ ਵੀ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ।
 
 
                

 
 
 
 
