ਅੱਜ ਦੀ ਆਵਾਜ਼ | 3 ਮਈ 2025
ਭਾਰਤ ਦੇ ਪੋਰਟ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਨੇ ਤੁਰੰਤ ਪ੍ਰਭਾਵ ਨਾਲ ਪਾਕਿਸਤਾਨ ਦੇ ਝੰਡੇ ਵਾਲੇ ਜਹਾਜ਼ਾਂ ਦੇ ਭਾਰਤੀ ਬੰਦਰਗਾਹਾਂ ਵਿੱਚ ਦਾਖ਼ਲ ਹੋਣ ਤੇ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਦੇ ਝੰਡੇ ਵਾਲੇ ਜਹਾਜ਼ਾਂ ਨੂੰ ਪਾਕਿਸਤਾਨ ਦੇ ਕਿਸੇ ਵੀ ਬੰਦਰਗਾਹ ‘ਤੇ ਜਾਣ ਦੀ ਮਨਾਹੀ ਕਰ ਦਿੱਤੀ ਗਈ ਹੈ। ਇਹ ਪਾਬੰਦੀਆਂ ਮਰਚੈਂਟ ਸ਼ਿਪਿੰਗ ਐਕਟ, 1958 ਦੀ ਧਾਰਾ 411 ਹੇਠ ਲਾਈਆਂ ਗਈਆਂ ਹਨ, ਜਿਸਦਾ ਮਕਸਦ ਭਾਰਤੀ ਸੰਪਤੀਆਂ, ਮਾਲ ਅਤੇ ਬੰਦਰਗਾਹ ਢਾਂਚੇ ਦੀ ਸੁਰੱਖਿਆ ਕਰਨੀ ਹੈ।
ਮੰਤਰਾਲੇ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ:
“ਕੋਈ ਵੀ ਪਾਕਿਸਤਾਨੀ ਝੰਡੇ ਵਾਲਾ ਜਹਾਜ਼ ਕਿਸੇ ਭਾਰਤੀ ਬੰਦਰਗਾਹ ਤੇ ਨਹੀਂ ਆ ਸਕੇਗਾ ਅਤੇ ਭਾਰਤੀ ਝੰਡੇ ਵਾਲਾ ਜਹਾਜ਼ ਪਾਕਿਸਤਾਨ ਦੇ ਕਿਸੇ ਵੀ ਬੰਦਰਗਾਹ ਤੇ ਨਹੀਂ ਜਾਵੇਗਾ।”
ਇਹ ਫੈਸਲਾ ਭਾਰਤੀ ਸਾਗਰੀ ਹਿੱਤਾਂ ਦੀ ਰੱਖਿਆ ਅਤੇ ਭਾਰਤੀ ਵਪਾਰਕ ਸਮੁੰਦਰੀ ਬੇੜੇ ਦੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਪਾਬੰਦੀ ਅਗਲੇ ਹੁਕਮ ਤੱਕ ਲਾਗੂ ਰਹੇਗੀ। ਮੰਤਰਾਲੇ ਨੇ ਇਹ ਵੀ ਕਿਹਾ ਕਿ ਕਿਸੇ ਵੀ ਵਿਸ਼ੇਸ਼ ਮਾਮਲੇ ਵਿੱਚ ਛੋਟ ਦੀ ਜ਼ਰੂਰਤ ਹੋਣ ‘ਤੇ, ਉਹ ਇਕ-ਇਕ ਕੇਸ ਦੇ ਅਧਾਰ ‘ਤੇ ਵਿਚਾਰੀ ਜਾਵੇਗੀ।
ਪਹਿਲਗਾਮ ਹਮਲੇ ਤੋਂ ਬਾਅਦ ਲਏ ਕਈ ਸਖਤ ਕਦਮ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਆਤੰਕੀ ਹਮਲੇ (ਜਿਸ ‘ਚ 26 ਲੋਕ ਮਾਰੇ ਗਏ), ਦੇ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਸਖ਼ਤ ਕਦਮ ਚੁੱਕੇ ਹਨ।
ਇਨ੍ਹਾਂ ਵਿੱਚ ਸ਼ਾਮਲ ਹਨ:
-
ਸਿੰਧੂ ਜਲ ਸੰਧੀ ਨੂੰ ਰੱਦ ਕਰਨਾ
-
ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ ਬੰਦ ਕਰਨਾ
-
ਦੋਹਾਂ ਦੇ ਹਾਈ ਕਮਿਸ਼ਨਾਂ ਦੇ ਸਟਾਫ਼ ਨੂੰ ਘਟਾਉਣਾ
ਪਾਕਿਸਤਾਨ ਤੋਂ ਸਿੱਧਾ ਤੇ ਅਪਰੋਖ ਆਯਾਤ ‘ਤੇ ਪੂਰੀ ਰੋਕ 2 ਮਈ ਨੂੰ ਵਪਾਰ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਭਾਰਤ ਨੇ ਪਾਕਿਸਤਾਨ ਤੋਂ ਆਉਣ ਵਾਲੇ ਸਾਰੇ ਮਾਲ ਦੇ ਸਿੱਧੇ ਅਤੇ ਅਪਰੋਖ ਆਯਾਤ ‘ਤੇ ਤੁਰੰਤ ਰੋਕ ਲਾ ਦਿੱਤੀ ਹੈ। ਇਹ ਨਿਯਮ ਵਿਦੇਸ਼ ਵਪਾਰ ਨੀਤੀ (FTP) 2023 ਵਿੱਚ ਸ਼ਾਮਲ ਕੀਤਾ ਗਿਆ ਹੈ। ਵਾਘਾ-ਅਟਾਰੀ ਸਰਹੱਦ, ਜੋ ਭਾਰਤ-ਪਾਕਿਸਤਾਨ ਵਪਾਰ ਦਾ ਇੱਕੋ-ਇੱਕ ਰਾਸ਼ਟਰੀ ਰਸਤਾ ਸੀ, ਹਮਲੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ। 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਵੀ ਭਾਰਤ ਨੇ ਪਾਕਿਸਤਾਨੀ ਸਮਾਨ ‘ਤੇ 200% ਡਿਊਟੀ ਲਾਈ ਸੀ, ਜਿਸ ਤੋਂ ਬਾਅਦ ਆਯਾਤ ‘ਚ ਲਗਾਤਾਰ ਕਮੀ ਆ ਰਹੀ ਸੀ। ਪਾਕਿਸਤਾਨ ਤੋਂ ਆਉਣ ਵਾਲੇ ਮੁੱਖ ਤੌਰ ‘ਤੇ ਦਵਾਈਆਂ, ਫਲ ਅਤੇ ਤੇਲ ਬੀਜ ਹੁੰਦੇ ਸਨ।
