IND vs PAK 2025: ਮੈਚ ਤੋਂ ਬਾਅਦ ਹੱਥ ਨਹੀਂ ਮਿਲਾਇਆ, PAK ਨਾਰਾਜ਼ ?

28

India 15 Sep 2025 AJ DI Awaaj

National Desk : ਐਸ਼ੀਆ ਕੱਪ 2025 ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਫਤਿਹ ਹਾਸਲ ਕਰ ਲੈਣ ਦੇ ਬਾਵਜੂਦ, ਮੈਚ ਦੇ ਅੰਤ ਵਿੱਚ ਜੋ ਹੋਇਆ, ਉਸ ਨੇ ਖੇਡ ਭਾਵਨਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਐਤਵਾਰ ਰਾਤ ਖੇਡੇ ਗਏ ਗਰੁੱਪ ਏ ਮੈਚ ਵਿੱਚ, ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਇਹ ਮੈਚ ਯੂਏਈ ਵਿੱਚ ਹੋਇਆ, ਜਿੱਥੇ ਭਾਰਤੀ ਟੀਮ ਨੇ 25 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਪ੍ਰਾਪਤ ਕਰ ਲਿਆ।

ਭਾਰਤੀ ਟੀਮ ਨੇ ਹੱਥ ਮਿਲਾਉਣ ਤੋਂ ਕੀਤਾ ਇਨਕਾਰ

ਮੈਚ ਦੇ ਜਿੱਤਣ ਤੋਂ ਬਾਅਦ, ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਛੱਕਾ ਮਾਰ ਕੇ ਮੈਚ ਖਤਮ ਕੀਤਾ, ਪਰ ਉਸ ਦੇ ਤੁਰੰਤ ਬਾਅਦ ਭਾਰਤੀ ਟੀਮ ਡਾਇਰੈਕਟ ਡ੍ਰੈਸਿੰਗ ਰੂਮ ਵੱਲ ਵੱਧ ਗਈ। ਟੀਮ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਨਾਂ ਤਾ ਹੱਥ ਮਿਲਾਇਆ ਤੇ ਨਾਂ ਹੀ ਕੋਈ ਆਮ ਤੌਰ ਤੇ ਹੋਣ ਵਾਲੀ ਮੁਲਾਕਾਤ ਕੀਤੀ।

ਇਹੀ ਨਹੀਂ, ਟਾਸ ਦੌਰਾਨ ਵੀ ਦੋਵੇਂ ਕਪਤਾਨਾਂ ਵਿਚਕਾਰ ਹੱਥ ਮਿਲਾਉਣ ਦੀ ਰਵਾਇਤੀ ਪ੍ਰਕਿਰਿਆ ਨਹੀਂ ਹੋਈ। ਪਾਕਿਸਤਾਨੀ ਕੋਚ ਮਾਈਕ ਹੇਸਨ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਮੈਚ ਤੋਂ ਬਾਅਦ ਹੱਥ ਮਿਲਾਉਣ ਦੀ ਉਮੀਦ ਕਰ ਰਹੀ ਸੀ, ਪਰ ਭਾਰਤ ਵਲੋਂ ਕੋਈ ਜਵਾਬ ਨਾ ਮਿਲਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੋਈ।

ਪਾਕਿਸਤਾਨੀ ਟੀਮ ਦੀ ਸ਼ਿਕਾਇਤ ਮੈਚ ਰੈਫਰੀ ਤੱਕ ਪਹੁੰਚੀ

ਭਾਵਨਾਤਮਕ ਤੌਰ ‘ਤੇ ਨਾਰਾਜ਼ ਪਾਕਿਸਤਾਨੀ ਟੀਮ ਨੇ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਕੋਲ ਇਸ ਮੁੱਦੇ ਨੂੰ ਲੈ ਕੇ ਗੰਭੀਰਤਾ ਨਾਲ ਆਪਣੀ ਗੱਲ ਰੱਖੀ ਹੈ। ਕਪਤਾਨ ਸਲਮਾਨ ਆਗਾ ਨੇ ਭਾਵਨਾਵਾਂ ਤੋਂ ਪ੍ਰਭਾਵਤ ਹੋ ਕੇ ਮੈਚ ਤੋਂ ਬਾਅਦ ਆਪਣਾ ਟੀਵੀ ਇੰਟਰਵਿਊ ਵੀ ਰੱਦ ਕਰ ਦਿੱਤਾ।

ਕੀ ਟੀਮ ਇੰਡੀਆ ‘ਤੇ ਲੱਗ ਸਕਦਾ ਹੈ ਜੁਰਮਾਨਾ?

ICC ਜਾਂ ACC ਦੇ ਨਿਯਮਾਂ ਅਨੁਸਾਰ, ਮੈਚ ਤੋਂ ਬਾਅਦ ਹੱਥ ਮਿਲਾਉਣਾ ਕੋਈ ਲਾਜ਼ਮੀ ਨਿਯਮ ਨਹੀਂ, ਪਰ ਇਹਨੂੰ “ਖੇਡ ਦੀ ਭਾਵਨਾ” ਦਾ ਹਿੱਸਾ ਮੰਨਿਆ ਜਾਂਦਾ ਹੈ। ਜੇਕਰ ਕਿਸੇ ਟੀਮ ਵਲੋਂ ਜਾਣਬੁਝ ਕੇ ਇਨਕਾਰ ਕੀਤਾ ਜਾਂਦਾ ਹੈ, ਤਾਂ ਇਹ ਅਣਪੇਸ਼ਾਵਰ ਵਿਵਹਾਰ ਮੰਨਿਆ ਜਾ ਸਕਦਾ ਹੈ, ਪਰ ਸਿੱਧਾ ਜੁਰਮਾਨਾ ਲੱਗਣ ਦੀ ਸੰਭਾਵਨਾ ਘੱਟ ਹੈ।

ਸੂਰਿਆਕੁਮਾਰ ਨੇ ਜਿੱਤ ਨੌਜਵਾਨ ਫੌਜੀਆਂ ਨੂੰ ਸਮਰਪਿਤ ਕੀਤੀ

ਮੈਚ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਇਹ ਜਿੱਤ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਨੂੰ ਸਮਰਪਿਤ ਕੀਤੀ ਗਈ ਹੈ। ਉਨ੍ਹਾਂ ਨੇ ਪਹਿਲਗਾਮ ਵਿੱਚ ਹੋਏ ਤਾਜ਼ਾ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਸਹਿਯੋਗ ਜ਼ਾਹਿਰ ਕੀਤਾ।

ਮੈਚ ਦੀ ਝਲਕ: ਪਾਕਿਸਤਾਨ ਦੀ ਨਿਰਾਸ਼ਾਜਨਕ ਪ੍ਰਦਰਸ਼ਨ

ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ, ਪਰ ਸਿਰਫ 127 ਦੌੜਾਂ ਹੀ ਬਣਾ ਸਕੀ। ਭਾਰਤੀ ਗੇਂਦਬਾਜ਼ੀ ਵਿੱਚ ਅਕਸ਼ਰ (2/18), ਕੁਲਦੀਪ (3/18) ਅਤੇ ਵਰੁਣ (1/24) ਨੇ ਵਧੀਆ ਪ੍ਰਦਰਸ਼ਨ ਕੀਤਾ।

ਭਾਰਤ ਵਲੋਂ ਅਭਿਸ਼ੇਕ ਸ਼ਰਮਾ ਨੇ ਕੇਵਲ 12 ਗੇਂਦਾਂ ‘ਚ 31 ਦੌੜਾਂ, ਜਦਕਿ ਕਪਤਾਨ ਸੂਰਿਆ ਨੇ ਆਪਣਾ ਜਨਮਦਿਨ ਮਨਾਉਂਦਿਆਂ 37 ਗੇਂਦਾਂ ‘ਚ ਨਾਟ ਆਉਟ 47 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ।