ਫ਼ਿਰੋਜ਼ਪੁਰ, 30 ਜੁਲਾਈ 2025 Aj Di Awaaj
Punjab Desk : ਜ਼ਿਲ੍ਹਾ ਫ਼ਿਰੋਜ਼ਪੁਰ ਦੇ ਨਿਵਾਸੀਆਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਹੇਠ ਅੱਜ ਇੱਕ ਹੋਰ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਬਾਲ ਰੋਗ ਕਾਰਡੀਅਕ ਮਸ਼ੀਨ ਦਾ ਉਦਘਾਟਨ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵਲੋਂ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਇਸ ਮੌਕੇ ਚਾਈਲਡ ਹਾਰਟ ਫਾਊਂਡੇਸ਼ਨ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਜਮਾਂਦਰੂ ਦਿਲ ਦੀਆਂ ਬਿਮਾਰੀਆਂ ਦੀ ਜਾਂਚ ਕਰਵਾਉਣ ਲਈ ਪਹਿਲਾਂ ਮੈਡੀਕਲ ਕਾਲਜ ਫ਼ਰੀਦਕੋਟ ਜਾਣਾ ਪੈਂਦਾ ਸੀ ਜਾਂ ਨਿੱਜੀ ਹੱਸਪਤਾਲਾਂ ਵਿੱਚ ਮੋਟੀ ਰਕਮ ਖ਼ਰਚ ਕਰਕੇ ਜਾਂਚ ਕਰਵਾਉਣੀ ਪੈਂਦੀ ਸੀ। ਹੁਣ ਫ਼ਿਰੋਜ਼ਪੁਰ ਦੇ ਵਸਨੀਕਾਂ ਨੂੰ ਬੱਚਿਆਂ ਦੇ ਦਿਲ ਦੀ ਬਿਮਾਰੀ ਦੀ ਜਾਂਚ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖ਼ੇ ਹੀ ਬਿਲਕੁੱਲ ਮੁੱਫਤ ਸਿਹਤ ਸਹੂਲਤ ਉਪਲੱਬਧ ਹੋਵੇਗੀ।
ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜਵਿੰਦਰ ਕੌਰ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਮੀਨਾਕਸ਼ੀ ਅਬਰੋਲ ਨੇ ਦੱਸਿਆ ਕਿ ਗ਼ੈਰ-ਸਰਕਾਰੀ ਸੰਸਥਾ ਚਾਈਲਡ ਹਾਰਟ ਫਾਊਂਡੇਸ਼ਨ ਵੱਲੋਂ ਸਿਵਲ ਹਸਪਤਾਲ ਵਿਖੇ ਬਾਲ ਰੋਗ ਕਾਰਡੀਅਕ ਸੈਂਟਰ ਦੀ ਅਤਿ ਆਧੁਨਿਕ ਕਾਰਡੀਅਕ ਮਸ਼ੀਨ ਲਗਾਈ ਗਈ ਹੈ। ਇਹ ਆਧੁਨਿਕ ਮਸ਼ੀਨ ਬੱਚਿਆਂ ਵਿੱਚ ਦਿਲ ਦੀ ਬਿਮਾਰੀ ਦੇ ਸ਼ੱਕੀ ਲੱਛਣਾਂ ਦੀ ਜਾਂਚ ਕਰਨ ਵਿੱਚ ਬਹੁਤ ਸਹਾਈ ਹੋਵੇਗੀ।
ਚਾਈਲਡ ਹਾਰਟ ਫਾਊਂਡੇਸ਼ਨ ਦੇ ਚੀਫ਼ ਓਪਰੇਟਿੰਗ ਅਫ਼ਸਰ ਸੁਨੀਤਾ ਹਰਕਰ ਸ਼ਾਲਾ ਨੇ ਦੱਸਿਆ ਕਿ ਇਹ ਅਤਿ ਆਧੁਨਿਕ ਮਸ਼ੀਨ ਡੀ ਜੀ ਐਮ (ਐਚ.ਆਰ.) ਮਿਸਟਰ ਫ਼ਰਡੀਨੈਂਡ ਵੱਲੋਂ ਮਾਲੀ ਸਹਿਯੋਗ ਨਾਲ ਲਗਾਈ ਗਈ ਹੈ।ਉਨ੍ਹਾਂ ਦੀ ਫਾਉਂਡੇਸ਼ਨ ਦਾ ਮੱਕਸਦ ਬੱਚਿਆਂ ਨਾਲ ਜੁੜੇ ਰੋਗਾਂ ਅਤੇ ਮੌਤ ਦਰ ਨੂੰ ਘਟਾਉਣ ਅਤੇ ਇਸ ਤਰ੍ਹਾਂ ਬਾਲ ਮੌਤ ਦਰ (ਆਈਐਮਆਰ) ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਸਮੇਂ ਸਿਰ ਜਾਂਚ ਕਰਕੇ ਇਲਾਜ ਪ੍ਰਦਾਨ ਕਰਨਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ਼ ਰਾਮ, ਪੀ.ਏ. ਹਿਮਾਂਸ਼ੂ ਠੱਕਰ, ਗੁਰਭੇਜ ਸਿੰਘ, ਸਕੂਲ ਹੈਲਥ ਨੋਡਲ ਅਫਸਰ ਡਾ. ਹਰਪ੍ਰੀਤ ਕੌਰ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਇਸ਼ਾ, ਡਾ. ਹਰਪ੍ਰੀਤ ਅਤੇ ਡਾ. ਸ਼ਾਇਨਾ, ਡਾ. ਪੰਕਜ ਗੁਪਤਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਨੇਹਾ ਭੰਡਾਰੀ, ਸੁਪਰਡੈਂਟ ਪਰਮਵੀਰ ਮੋਂਗਾ, ਪੀ.ਏ. ਟੂ ਸਿਵਲ ਸਰਜਨ ਵਿਕਾਸ ਕਾਲੜਾ, ਸਿਹਤ ਇੰਸਪੈਕਟਰ ਅਮਰਜੀਤ ਅਤੇ ਚਾਈਲਡ ਹਾਰਟ ਫਾਉਂਡੇਸ਼ਨ ਦੇ ਪ੍ਰੋਜੈਕਟ ਕੋਆਰਡੀਨੇਟਰ ਸੁਰਿੰਦਰ ਕੁਮਾਰ ਵੀ ਹਾਜ਼ਰ ਸਨ।
