ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰੀਏ? 10ਵੀਂ–12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਟਿਪਸ

30
ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰੀਏ? 10ਵੀਂ–12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਟਿਪਸ

17 ਦਸੰਬਰ, 2025 ਅਜ ਦੀ ਆਵਾਜ਼

Education Desk:  ਵਿਦਿਆਰਥੀ ਜੀਵਨ ਵਿੱਚ ਹਰ ਪ੍ਰੀਖਿਆ ਦੀ ਆਪਣੀ ਅਹਿਮੀਅਤ ਹੁੰਦੀ ਹੈ, ਪਰ 10ਵੀਂ ਅਤੇ 10+2 ਦੀਆਂ ਬੋਰਡ ਪ੍ਰੀਖਿਆਵਾਂ ਸਭ ਤੋਂ ਵਧੇਰੇ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ। ਇਹ ਪ੍ਰੀਖਿਆਵਾਂ ਨਾ ਸਿਰਫ਼ ਵਿਦਿਆਰਥੀਆਂ ਦੇ ਨਤੀਜੇ ਤੈਅ ਕਰਦੀਆਂ ਹਨ, ਸਗੋਂ ਉਨ੍ਹਾਂ ਦੇ ਭਵਿੱਖੀ ਕਰੀਅਰ ਦੀ ਦਿਸ਼ਾ ਵੀ ਨਿਰਧਾਰਿਤ ਕਰਦੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ, ਸੀਬੀਐੱਸਈ ਸਮੇਤ ਜ਼ਿਆਦਾਤਰ ਬੋਰਡਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਫਰਵਰੀ ਮਹੀਨੇ ਦੇ ਮੱਧ ਜਾਂ ਅਖ਼ੀਰ ਵਿੱਚ ਸ਼ੁਰੂ ਹੋ ਜਾਂਦੀਆਂ ਹਨ, ਇਸ ਲਈ ਸਮੇਂ ਸਿਰ ਤਿਆਰੀ ਬਹੁਤ ਜ਼ਰੂਰੀ ਹੈ।

10ਵੀਂ ਤੋਂ ਬਾਅਦ ਵਿਦਿਆਰਥੀ ਦੁਆਰਾ ਚੁਣੀ ਜਾਣ ਵਾਲੀ ਸਟ੍ਰੀਮ ਉਸਦੀ ਯੋਗਤਾ, ਰੁਚੀ ਅਤੇ ਸਮਰੱਥਾ ’ਤੇ ਨਿਰਭਰ ਕਰਦੀ ਹੈ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਰੀਅਰ ਚੋਣ ਤੋਂ ਪਹਿਲਾਂ ਐਪਟੀਟਿਊਡ ਟੈਸਟ ਅਤੇ ਕਰੀਅਰ ਕਾਊਂਸਲਿੰਗ ਜ਼ਰੂਰ ਕਰਵਾਉਣ। 10ਵੀਂ ਦੇ ਨੰਬਰਾਂ ਦੇ ਆਧਾਰ ’ਤੇ ਅੱਗੇ ਦੀ ਪੜ੍ਹਾਈ ਦੀ ਦਿਸ਼ਾ ਤੈਅ ਹੁੰਦੀ ਹੈ, ਜਦਕਿ 12ਵੀਂ ਦੇ ਅੰਕ ਉੱਚ ਸਿੱਖਿਆ ਵਿੱਚ ਦਾਖ਼ਲੇ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ।

ਪ੍ਰੀਖਿਆ ਤਿਆਰੀ ਲਈ ਲਾਭਦਾਇਕ ਟਿਪਸ:

ਸਮਾਂ-ਸਾਰਣੀ ਬਣਾਓ:
ਹਰ ਰੋਜ਼ 2–3 ਵਿਸ਼ਿਆਂ ਦੀ ਪੜ੍ਹਾਈ ਕਰੋ। ਇੱਕ ਔਖਾ ਅਤੇ ਦੋ ਸੌਖੇ ਵਿਸ਼ੇ ਸ਼ਾਮਲ ਕਰੋ। ਔਖੇ ਵਿਸ਼ੇ ਲਈ ਘੱਟੋ-ਘੱਟ ਡੇਢ ਘੰਟਾ ਅਤੇ ਸੌਖੇ ਵਿਸ਼ਿਆਂ ਲਈ ਇੱਕ-ਇੱਕ ਘੰਟਾ ਦਿਓ। ਪੜ੍ਹਾਈ ਵਿਚਕਾਰ ਛੋਟੇ ਬ੍ਰੇਕ ਲੈਣਾ ਵੀ ਜ਼ਰੂਰੀ ਹੈ।

ਪੂਰਾ ਸਿਲੇਬਸ ਪੜ੍ਹੋ:
ਸਬੰਧਿਤ ਬੋਰਡ ਵੱਲੋਂ ਨਿਰਧਾਰਤ ਸਿਲੇਬਸ ਅਤੇ ਕਿਤਾਬਾਂ ਨੂੰ ਧਿਆਨ ਨਾਲ ਪੜ੍ਹੋ। ਯੂਨਿਟਾਂ ਦੀ ਸਮਝ ਬਣਾਓ ਅਤੇ ਕਿਤਾਬਾਂ ਦੇ ਅੰਤ ’ਚ ਦਿੱਤੇ ਪ੍ਰਸ਼ਨਾਂ ਦਾ ਅਭਿਆਸ ਕਰੋ।

ਨਿਯਮਿਤ ਦੁਹਰਾਈ ਕਰੋ:
ਰੋਜ਼ਾਨਾ 20–30 ਮਿੰਟ ਔਖੇ ਵਿਸ਼ਿਆਂ ਦੀ ਦੁਹਰਾਈ ਕਰੋ ਅਤੇ ਹਫ਼ਤੇ ਵਿੱਚ ਇੱਕ ਵਾਰ ਪੂਰੇ ਹਫ਼ਤੇ ਦਾ ਰੀਵਿਜ਼ਨ ਕਰੋ।

ਲਿਖਣ ਦੀ ਪ੍ਰੈਕਟਿਸ ਕਰੋ:
ਭਾਸ਼ਾਵਾਂ ਦੇ ਵਿਸ਼ਿਆਂ ਵਿੱਚ ਉੱਤਰ ਲਿਖਣ ਦਾ ਅਭਿਆਸ ਕਰੋ, ਤਾਂ ਜੋ ਗ਼ਲਤੀਆਂ ਘਟ ਸਕਣ ਅਤੇ ਲਿਖਾਈ ਸੁਧਰ ਸਕੇ।

ਫਾਰਮੂਲੇ ਯਾਦ ਰੱਖੋ:
ਗਣਿਤ ਅਤੇ ਸਾਇੰਸ ਵਿੱਚ ਪਰਿਭਾਸ਼ਾਵਾਂ ਅਤੇ ਫਾਰਮੂਲਿਆਂ ਨੂੰ ਸਮਝ ਕੇ ਯਾਦ ਕਰੋ।

ਕਲਾਸ ਟੈਸਟਾਂ ਨੂੰ ਗੰਭੀਰਤਾ ਨਾਲ ਲਵੋ:
ਹਫ਼ਤਾਵਾਰੀ ਅਤੇ ਮਹੀਨਾਵਾਰੀ ਟੈਸਟਾਂ ਦੀ ਤਿਆਰੀ ਧਿਆਨ ਨਾਲ ਕਰੋ ਅਤੇ ਗਲਤੀਆਂ ਤੋਂ ਸਿੱਖੋ।

ਇਕਾਗਰਤਾ ਬਣਾਈ ਰੱਖੋ:
ਪੜ੍ਹਾਈ ਸਮੇਂ ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹੋ, ਪੂਰੀ ਨੀਂਦ ਲਵੋ ਅਤੇ ਪੌਸ਼ਟਿਕ ਭੋਜਨ ਕਰੋ।

ਪੁਰਾਣੇ ਪ੍ਰਸ਼ਨ ਪੱਤਰ ਹੱਲ ਕਰੋ:
ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਹੱਲ ਕਰਕੇ ਪੇਪਰ ਪੈਟਰਨ ਅਤੇ ਸਮਾਂ ਪ੍ਰਬੰਧਨ ਦੀ ਸਮਝ ਬਣਾਓ।

ਆਤਮ-ਵਿਸ਼ਵਾਸ ਰੱਖੋ:
ਪ੍ਰੀਖਿਆ ਦੌਰਾਨ ਘਬਰਾਓ ਨਾ। ਪ੍ਰਸ਼ਨ ਪੱਤਰ ਧਿਆਨ ਨਾਲ ਪੜ੍ਹੋ, ਸੌਖੇ ਪ੍ਰਸ਼ਨਾਂ ਤੋਂ ਸ਼ੁਰੂ ਕਰੋ ਅਤੇ ਸਾਰੇ ਉੱਤਰ ਸਾਫ਼ ਲਿਖਾਈ ਵਿੱਚ ਲਿਖੋ।

ਸਹੀ ਯੋਜਨਾ, ਨਿਯਮਿਤ ਅਭਿਆਸ ਅਤੇ ਆਤਮ-ਵਿਸ਼ਵਾਸ ਨਾਲ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।