ਹੋਲਾ ਮਹੱਲਾ: ਸੁਰੱਖਿਆ ਤੇ ਸਹੂਲਤਾਂ ਲਈ ਪ੍ਰਸ਼ਾਸਨ ਦੇ ਵਿਸ਼ੇਸ਼ ਪ੍ਰਬੰਧ

36

ਸ੍ਰੀ ਅਨੰਦਪੁਰ ਸਾਹਿਬ 28 ਫਰਵਰੀ 2026 AJ DI Awaaj

 

Punjab Desk   : ਖਾਲਸਾਈ ਸ਼ਾਨੋ-ਸ਼ੌਕਤ ਦੇ ਪ੍ਰਤੀਕ ਹੋਲਾ ਮਹੱਲਾ ਤਿਉਹਾਰ ਨੰੰ ਸੁਚਾਰੂ, ਸੁਰੱਖਿਅਤ ਅਤੇ ਸਹੂਲਤ ਪੂਰਵਕ ਢੰਗ ਨਾਲ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਹ ਪਵਿੱਤਰ ਤਿਉਹਾਰ 27 ਫਰਵਰੀ ਤੋਂ 1 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 2 ਮਾਰਚ ਤੋਂ 4 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹੋਲਾ ਮਹੱਲਾ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ, ਪ੍ਰਸ਼ਾਸਨ ਵੱਲੋਂ ਭੀੜ ਪ੍ਰਬੰਧਨ, ਟ੍ਰੈਫਿਕ ਨਿਯੰਤਰਣ ਅਤੇ ਸਿਹਤ ਸਹੂਲਤਾਂ ਲਈ ਵਿਸ਼ੇਸ਼ ਯੋਜਨਾਬੰਦੀ ਕੀਤੀ ਗਈ ਹੈ।
ਸੰਗਤ ਦੀ ਸਹੂਲਤ ਲਈ ਗੱਡੀਆਂ ਦੀ ਪਾਰਕਿੰਗ ਅਤੇ ਰੂਟ ਡਾਈਵਰਜ਼ਨ ਸਬੰਧੀ ਹਰ ਜੰਕਸ਼ਨ, ਪਾਰਕਿੰਗ ਸਥਾਨ ਅਤੇ ਮੁੱਖ ਸੜਕਾਂ ਉੱਤੇ ਲੋਕ ਨਿਰਮਾਣ ਵਿਭਾਗ ਰੂਪਨਗਰ ਵੱਲੋਂ ਪਾਰਕਿੰਗ ਬੋਰਡ, ਡਾਈਵਰਜ਼ਨ ਬੋਰਡ ਅਤੇ ਜ਼ਰੂਰੀ ਸਾਈਨ ਬੋਰਡ ਲਗਾਏ ਜਾ ਰਹੇ ਹਨ, ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਟ੍ਰੈਫਿਕ ਨੂੰ ਸੁਚਾਰੂ ਬਣਾਏ ਰੱਖਣ ਲਈ ਵੱਖ-ਵੱਖ ਰੂਟਾਂ ਦੀ ਪਛਾਣ ਕਰਕੇ ਅਗਾਂਹੋਂ ਹੀ ਸਾਈਨਬੋਰਡ ਲਗਾਏ ਗਏ ਹਨ, ਜਿਸ ਨਾਲ ਭੀੜ ਵਾਲੇ ਖੇਤਰਾਂ ਵਿੱਚ ਜਾਮ ਦੀ ਸਥਿਤੀ ਤੋਂ ਬਚਿਆ ਜਾ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਕਸੀਅਨ ਐਸ.ਐਸ. ਭੁੱਲਰ ਦੀ ਅਗਵਾਈ ਹੇਠ ਐਸ.ਡੀ.ਓ ਪਰਮਜੀਤ ਸਿੰਘ ਅਤੇ ਸੁਖਵੀਰ ਸਿੰਘ ਬੈਂਸ ਜੇ.ਈ ਵੱਲੋਂ ਇਹ ਸਾਰੇ ਕੰਮ ਤਤਪਰਤਾ ਨਾਲ ਕਰਵਾਏ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪ੍ਰਸ਼ਾਸਨਿਕ ਹਦਾਇਤਾਂ ਅਨੁਸਾਰ ਹੀ ਯਾਤਰਾ ਕਰਕੇ ਤਿਉਹਾਰ ਨੂੰ ਸੁਚਾਰੂ ਢੰਗ ਨਾਲ ਮਨਾਉਣ ਵਿੱਚ ਸਹਿਯੋਗ ਦੇਣ।