ਸ੍ਰੀ ਮੁਕਤਸਰ ਸਾਹਿਬ, 23 ਜੂਨ 2025 AJ Di Awaaj
Punjab Desk : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਨਵੇਕਲੀ ਪਹਿਲਕਦਮੀ ਤਹਿਤ ਕਿਸਾਨਾਂ ਦੀ ਸਹਾਇਤਾ ਲਈ ਜਿਲ੍ਹਾ ਪੱਧਰ ਤੇ ਇੱਕ “ਕਿਸਾਨ ਹੈਲਪ ਡੈਸਕ” ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਕਿਸਾਨ ਆਪਣੇ ਖੇਤੀਬਾੜੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਸਵਾਲ, ਸੁਝਾਅ ਜਾਂ ਸਮੱਸਿਆ ਬਾਰੇ ਜਾਣਕਾਰੀ ਲੈ ਸਕਦੇ ਹਨ। ਜਿਲ੍ਹੇ ਦੇ ਕਿਸਾਨ ਇਸ ਹੈਲਪ ਡੈਸਕ ਮੋਬ ਨੰ. 98781-66287 ਤੇ ਕੰਮਕਾਜੀ ਵਾਲੇ ਕਿਸੇ ਵੀ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰਕੇ ਕਿਸੇ ਵੀ ਤਕਨੀਕੀ ਜਾਂ ਫਸਲ ਦੇ ਰੋਗ/ਕੀੜਿਆਂ ਸੰਬੰਧੀ ਸਲਾਹ ਲੈ ਸਕਦੇ ਹਨ।ਇਸ “ਕਿਸਾਨ ਹੈਲਪ ਡੈਸਕ” ਰਾਹੀਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਉੱਚ-ਮਿਆਰੀ ਜਾਣਕਾਰੀ ਮਿਲੇਗੀ।
ਇਸ ਤੋਂ ਇਲਾਵਾ, ਅੱਜ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਅਤੇ ਡਾ. ਕਰਨਜੀਤ ਸਿੰਘ, ਪੀ.ਡੀ (ਆਤਮਾ) ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਨਰਮੇ ਦੀ ਫ਼ਸਲ ਦੇ ਖੇਤਰਾਂ ਦਾ ਦੌਰਾ ਕੀਤਾ ਗਿਆ ਅਤੇ ਖੇਤਾਂ ਵਿੱਚ ਜਾ ਕੇ ਫ਼ਸਲ ਦੀ ਹਾਲਤ ਦੀ ਜਾਂਚ ਕੀਤੀ। ਇਸ ਦੌਰੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਅਜੇ ਤੱਕ ਚਿੱਟੀ ਮੱਖੀ (whitefly) ਦਾ ਹਮਲਾ ਆਰਥਿਕ ਕਗਾਰ (ETL) ਤੋਂ ਹੇਠਾ ਹੈ ਅਤੇ ਕਿਸੇ ਕਿਸਮ ਦੀ ਕੋਈ ਹੋਰ ਸਮੱਸਿਆ ਨਹੀ ਪਾਈ ਗਈ।
ਡਾ. ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦਾ ਨਿਯਮਤ ਸਰਵੇਖਣ ਕਰਦੇ ਰਹਿਣ, ਤਾਂ ਜੋ ਕਿਸੇ ਵੀ ਹਾਨੀਕਾਰਕ ਕੀੜੇ ਜਾਂ ਬਿਮਾਰੀ ਦੇ ਹਮਲੇ ਦੀ ਸ਼ੁਰੂਆਤੀ ਪਛਾਣ ਕਰਕੇ ਉਸ ਉੱਪਰ ਕਾਬੂ ਪਾਇਆ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਫ਼ਸਲ ਦੀ ਸ਼ੁਰੂਆਤੀ ਅਵਸਥਾ ਵਿੱਚ ਚਿੱਟੀ ਮੱਖੀ ਦਾ ਹਮਲਾ ਹੁੰਦਾ ਹੈ ਤਾਂ, ਕਿਸਾਨ ਇੱਕ ਤੋਂ ਦੋ ਸਪਰੇਆਂ 1 ਲਿਟਰ “ਨਿੰਬੀਸੀਡੀਨ” ਜਾਂ “ਅਚੂਕ” ਵਰਗੇ ਨਿੰਮ ਆਧਾਰਤ ਕੀਟਨਾਸ਼ਕਾਂ ਨਾਲ ਛਿੜਕਾਅ ਕਰ ਸਕਦੇ ਹਨ, ਜੋ ਚਿੱਟੀ ਮੱਖੀ ਦੇ ਨਿਯੰਤਰਣ ਲਈ ਪ੍ਰਭਾਵਸ਼ਾਲੀ ਸਾਬਤ ਹੋ ਸਕਦੇ ਹਨ।
ਅੰਤ ਫਿਰ ਉਨ੍ਹਾ ਦੱਸਿਆ ਕਿ ਕਿਸਾਨ “ਕਿਸਾਨ ਹੈਲਪ ਡੈਸਕ, ਸ਼੍ਰੀ ਮੁਕਤਸਰ ਸਾਹਿਬ” ਨੰਬਰ 98781-66287 ‘ਤੇ ਸੰਪਰਕ ਕਰਕੇ ਮਾਹਿਰ ਅਧਿਕਾਰੀਆਂ ਦੀ ਸਲਾਹ ਲੈ ਸਕਦੇ ਹਨ।
