09 ਦਸੰਬਰ, 2025 ਅਜ ਦੀ ਆਵਾਜ਼
Health Desk: ਦਿਲ ਦਾ ਦੌਰਾ ਅਕਸਰ ਅਚਾਨਕ ਹੋਣ ਵਾਲੀ ਘਟਨਾ ਮੰਨੀ ਜਾਂਦੀ ਹੈ, ਪਰ ਮਾਹਿਰਾਂ ਦੇ ਅਨੁਸਾਰ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ। ਹਾਰਟ ਅਟੈਕ ਤੋਂ ਪਹਿਲਾਂ ਸਰੀਰ ਕਈ ਚੇਤਾਵਨੀ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ। ਜੇਕਰ ਇਨ੍ਹਾਂ ਲੱਛਣਾਂ ਨੂੰ ਸਮੇਂ ਸਿਰ ਪਛਾਣ ਕੇ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ, ਤਾਂ ਜਾਨ ਬਚਾਈ ਜਾ ਸਕਦੀ ਹੈ। ਇਹ ਸੰਕੇਤ ਕਦੇ ਸਪਸ਼ਟ ਤੇ ਕਦੇ ਬਹੁਤ ਹਲਕੇ ਹੁੰਦੇ ਹਨ, ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਕਿਹੜੇ ਚੇਤਾਵਨੀ ਇਸ਼ਾਰੇ ਦਿੰਦਾ ਹੈ—
1. ਸਧਾਰਣ ਕੰਮ ਕਰਦਿਆਂ ਸਾਹ ਦਾ ਫੁੱਲਣਾ
ਜੇ ਤੁਰਨ, ਪੌੜੀਆਂ ਚੜ੍ਹਨ ਜਾਂ ਹਲਕੀ ਮਿਹਨਤ ਨਾਲ ਹੀ ਸਾਹ ਫੁੱਲਣ ਲੱਗੇ, ਤਾਂ ਇਹ ਦਿਲ ਦੀ ਕਮਜ਼ੋਰੀ ਦਾ ਸੰਕੇਤ ਹੋ ਸਕਦਾ ਹੈ। ਜਦੋਂ ਦਿਲ ਖੂਨ ਸਹੀ ਤਰੀਕੇ ਨਾਲ ਪੰਪ ਨਹੀਂ ਕਰ ਪਾਂਦਾ, ਤਾਂ ਫੇਫੜਿਆਂ ਤਕ ਆਕਸੀਜਨ ਘੱਟ ਪਹੁੰਚਦੀ ਹੈ, ਜੋ ਡਿਸਪਨੀਆ ਦਾ ਕਾਰਨ ਬਣਦੀ ਹੈ।
2. ਛਾਤੀ ’ਚ ਦਬਾਅ, ਦਰਦ ਜਾਂ ਭਾਰੀਪਨ
ਇਹ ਹਾਰਟ ਅਟੈਕ ਦਾ ਸਭ ਤੋਂ ਆਮ ਲੱਛਣ ਹੈ। ਇਹ ਹਮੇਸ਼ਾ ਜ਼ੋਰ ਦਾ ਦਰਦ ਨਹੀਂ ਹੁੰਦਾ, ਕਈ ਵਾਰ ਛਾਤੀ ’ਚ ਜਲਨ, ਕਸਾਵ, ਦਬਾਅ ਜਾਂ ਭਾਰੀਪਨ ਜਿਹਾ ਮਹਿਸੂਸ ਹੁੰਦਾ ਹੈ। ਕਈ ਵਾਰ ਇਹ ਦਰਦ ਬਾਂਹ, ਜਬਾੜੇ, ਗਰਦਨ ਅਤੇ ਪਿੱਠ ਤਕ ਵੀ ਫੈਲ ਸਕਦਾ ਹੈ।
3. ਪੈਰਾਂ ’ਚ ਸੋਜ ਅਤੇ ਅਚਾਨਕ ਵਜ਼ਨ ਵਧਣਾ
ਦਿਲ ਦੀ ਕਮਜ਼ੋਰੀ ਦੀ ਸਥਿਤੀ ’ਚ ਸਰੀਰ ਵਿੱਚ ਤਰਲ ਪਦਾਰਥ (ਫਲੂਇਡ) ਇਕੱਠੇ ਹੋਣ ਲੱਗਦੇ ਹਨ, ਜਿਸ ਨਾਲ ਪੈਰਾਂ, ਗਿੱਟਿਆਂ ਅਤੇ ਪੰਜਿਆਂ ਵਿੱਚ ਸੋਜ ਆਉਂਦੀ ਹੈ। ਕੁਝ ਦਿਨਾਂ ਵਿੱਚ ਹੀ ਬਿਨਾਂ ਕਾਰਨ ਵਜ਼ਨ ਦਾ ਵੱਧ ਜਾਣਾ ਵੀ ਦਿਲ ਦੀ ਅਸਫਲਤਾ ਵੱਲ ਇਸ਼ਾਰਾ ਕਰਦਾ ਹੈ।
4. ਚੱਕਰ ਆਉਣਾ, ਬੇਹੋਸ਼ੀ ਅਤੇ ਧੜਕਣ ਦਾ ਤੇਜ਼ ਹੋਣਾ
ਬਿਨਾਂ ਕਾਰਨ ਚੱਕਰ ਆਉਣਾ ਜਾਂ ਬੇਹੋਸ਼ ਹੋ ਜਾਣਾ ਦਿਮਾਗ ਤਕ ਖੂਨ ਦੀ ਘੱਟ ਸਪਲਾਈ ਦਾ ਨਤੀਜਾ ਹੋ ਸਕਦਾ ਹੈ। ਧੜਕਣ ਦਾ ਹੌਲੀ, ਤੇਜ਼ ਜਾਂ ਅਨਿਯਮਿਤ ਹੋ ਜਾਣਾ ਐਰੀਥਮੀਆ ਦੀ ਨਿਸ਼ਾਨੀ ਹੈ, ਜਿਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
5. ਅਸਧਾਰਨ ਥਕਾਵਟ ਅਤੇ ਕਮਜ਼ੋਰੀ
ਆਰਾਮ ਕਰਨ ਬਾਵਜੂਦ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰਨਾ, ਖਾਸਤੌਰ ਤੇ ਔਰਤਾਂ ਵਿੱਚ, ਦਿਲ ਨਾਲ ਜੁੜੀ ਗੰਭੀਰ ਸਮੱਸਿਆ ਦਾ ਲੱਛਣ ਹੋ ਸਕਦਾ ਹੈ। ਦਿਲ ਦੀਆਂ ਮਾਸਪੇਸ਼ੀਆਂ ਤਕ ਖੂਨ ਦੀ ਸਹੀ ਮਾਤਰਾ ਨਾ ਪਹੁੰਚਣ ਨਾਲ ਸਰੀਰ ਸੁਸਤ ਤੇ ਥੱਕਾ ਹੋਇਆ ਮਹਿਸੂਸ ਕਰਦਾ ਹੈ।














