ਸ੍ਰੀ ਅਨੰਦਪੁਰ ਸਾਹਿਬ 13 ਮਈ 2025 AJ DI Awaaj
ਡਾ.ਸਵਪਨਦੀਪ ਕੌਰ ਸਿਵਲ ਸਰਜਨ ਰੂਪਨਗਰ ਅਤੇ ਡਾ.ਜੰਗਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਏਰੀਏ ਵਿੱਚ ਡੈਂਗੂ ਸਬੰਧੀ ਗਤੀਵਿਧੀਆਂ ਨੂੰ ਤੇਜ ਕਰਦੇ ਹੋਏ ਮਲਟੀਪਰਪਜ਼ ਹੈਲਥ ਵਰਕਰਾਂ ਵਲ੍ਹੋਂ ਘਰ-ਘਰ ਜਾ ਕੇ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਜੋ ਡੈਂਗੂ ਦੇ ਲਾਰਵੇ ਨੂੰ ਨਸ਼ਟ ਕੀਤਾ ਜਾ ਸਕੇ ਅਤੇ ਹਰ ਆਮ ਅਤੇ ਖਾਸ ਵਿਅਕਤੀ ਨੂੰ ਇਸ ਸਬੰਧੀ ਲੋੜੀਂਦੀ ਜਾਣਕਾਰੀ ਦਿੱਤੀ ਜਾ ਸਕੇ।
ਬਲਵੰਤ ਰਾਏ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਇਸ ਕੜੀ ਤਹਿਤ ਅੱਜ ਪਿੰਡ ਗੰਭੀਰਪੁਰ ਅੱਪਰ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਵੈਕਟਰ ਬੋਰਨ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਅਗੰਮਪੁਰ, ਮਹਿਰੋਲੀ, ਲੰਮਲਹਿੜੀ, ਗੰਭੀਰਪੁਰ ਅੱਪਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਵੀਂ ਅਬਾਦੀ ਅਤੇ ਕੇਸਗੜ੍ਹ ਸਾਹਿਬ ਦੇ ਏਰੀਏ ਦੀ ਵਿਜ਼ਟ ਕੀਤੀ ਗਈ ਅਤੇ ਪਾਣੀ ਨਾਲ਼ ਭਰੇ ਹੋਏ ਕੰਟੇਨਰ ਖਾਲੀ ਕਰਵਾਏ ਗਏ ਤਾਂ ਜੋ ਉਹਨਾਂ ਵਿੱਚ ਡੈਂਗੂ ਦਾ ਲਾਰਵਾ ਪੈਦਾ ਨਾ ਹੋਵੇ।
ਉਹਨਾਂ ਦੱਸਿਆ ਕਿ ਘਰ-ਘਰ ਜਾ ਕੇ ਲੋਕਾਂ ਨੂੰ ਡੈਂਗੂ ਅਤੇ ਚਿਕਨਗੁਨੀਆ ਬੁਖਾਰ ਦੇ ਲੱਛਣ ਅਤੇ ਇਲਾਜ਼ ਵਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਲੋਕ ਅਵੇਅਰ ਹੋ ਸਕਣ ਅਤੇ ਕੋਈ ਵੀ ਜਾਨੀ ਨੁਕਸਾਨ ਨਾ ਹੋਵੇ। ਡੈਂਗੂ ਬੁਖਾਰ ਵਾਰੇ ਉਹਨਾਂ ਦੱਸਿਆ ਕਿ ਇਸ ਵਿੱਚ ਤੇਜ਼ ਬੁਖਾਰ, ਸਿਰ ਦਰਦ, ਸ਼ਰੀਰ ਤੇ ਦਾਣੇ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ ਆਦਿ ਸ਼ਾਮਿਲ ਹੈ। ਇਸ ਵਿੱਚ ਉਲਟੀ ਵੀ ਆ ਸਕਦੀ ਹੈ, ਗੰਭੀਰ ਮਾਮਲਿਆਂ ਵਿੱਚ ਨੱਕ, ਕੰਨ ਅਤੇ ਮਸੂੜ੍ਹਿਆਂ ਵਿੱਚੋਂ ਖੂਨ ਵੀ ਵਗ ਸਕਦਾ ਹੈ ਅਤੇ ਡੈਂਗੂ ਸ਼ੋਕ ਸਿੰਡਰੋਮ ਵੀ ਹੋ ਸਕਦਾ ਹੈ ਜੋ ਕਿ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ। ਇਸ ਲਈ ਬੁਖਾਰ ਹੋਣ ਦੀ ਸੂਰਤ ਵਿੱਚ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰੀ ਸਲਾਹ ਲੈਣੀ ਜਰੂਰੀ ਹੈ ਤਾਂ ਜੋ ਸਮੇਂ ਸਿਰ ਸਹੀ ਇਲਾਜ਼ ਹੋ ਸਕੇ।
ਇਸ ਮੌਕੇ ਨਰੇਸ਼ ਕੁਮਾਰ, ਅਮਿਤ ਕੁਮਾਰ, ਬਲਜੀਤ ਸਿੰਘ, ਸੁੱਚਾ ਸਿੰਘ, ਅਸ਼ੋਕ ਕੁਮਾਰ, ਮਲਟੀਪਰਪਜ਼ ਹੈਲਥ ਵਰਕਰ, ਗਗਨਦੀਪ ਕੌਰ ਸੀ. ਐਚ. ਓ, ਕੁਲਵੰਤ ਕੌਰ ਤੇ ਪ੍ਰਕਾਸ਼ ਦੇਵੀ ਏ. ਐਨ. ਐਮ, ਸ਼ਸ਼ੀ ਬਾਲਾ ਆਦਿ ਹਾਜ਼ਰ ਸਨ।
