ਕੀਰਤਪੁਰ ਸਾਹਿਬ 10 ਸਤੰਬਰ 2025 AJ DI Awaaj
Punjab Desk : ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਭਾਵਿਤ ਪਿੰਡਾਂ ਵਿਚ ਮੈਡੀਕਲ ਟੀਮਾਂ ਪੂਰੀ ਤਰਾਂ ਚੋਂਕਸ ਹਨ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਮੁਫਤ ਸਿਹਤ ਜਾਂਚ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਹੋਇਆ ਹੈ। ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਐਸ.ਡੀ.ਐਮ ਜਸਪ੍ਰੀਤ ਸਿੰਘ ਅਤੇ ਸਚਿਨ ਪਾਠਕ ਨਿਰੰਤਰ ਪ੍ਰਭਾਵਿਤ ਖੇਤਰਾਂ ਦੇ ਦੌਰੇ ਕਰਕੇ ਹਾਲਾਤ ਦਾ ਜਾਇਜ਼ਾ ਲੈ ਰਹੇ ਹਨ।
ਜਿਕਰਯੋਗ ਹੈ ਕਿ ਡਾਕਟਰ ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦੇ ਹੁਕਮਾਂ ਅਤੇ ਹੜ੍ਹ ਜ਼ਿਲ੍ਹਾ ਨੋਡਲ ਅਧਿਕਾਰੀ ਡਾਕਟਰ ਬੌਬੀ ਗੁਲਾਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੀ ਟੀਮ ਨੇ ਬਲਾਕ ਦੇ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਬਿਮਾਰੀਆਂ ਫ਼ੈਲਣ ਦੇ ਖ਼ਤਰੇ ਦੇ ਮੱਦੇਨਜ਼ਰ ਚੌਕਸੀ ਵਧਾ ਦਿੱਤੀ ਹੈ। ਇਹਨਾਂ ਇਲਾਕਿਆਂ ਵਿਚ ਜਿੱਥੇ ਮੈਡੀਕਲ ਅਤੇ ਹੜ੍ਹ ਰਾਹਤ ਕੈਂਪ ਨਿਰਵਿਘਨ ਜਾਰੀ ਹਨ ਉੱਥੇ ਹੀ ਸੀਨੀਅਰ ਮੈਡੀਕਲ ਅਧਿਕਾਰੀਆਂ ਵੱਲੋਂ ਦੁਗਮ ਇਲਾਕਿਆਂ ਵਿਚ ਅਸਲ ਸਥਿਤੀ ਦਾ ਜਾਇਜ਼ਾ ਲੈਣ ਲਈ ਖ਼ੁਦ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।
ਸੀਨੀਅਰ ਮੈਡੀਕਲ ਅਫ਼ਸਰ ਇੰ: ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਬਲਾਕ ਕੀਰਤਪੁਰ ਸਾਹਿਬ ਦੇ ਜ਼ਿਆਦਾਤਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਈ ਹੈ।ਉਹਨਾਂ ਦੱਸਿਆ ਕਿ ਹਰਸਾ ਬੇਲਾ, ਪੱਟੀ ਦੁਲਚੀ, ਸ਼ਿਵ ਸਿੰਘ ਅਤੇ ਪੱਟੀ ਜੀਵਨ ਸਿੰਘ ਸਮੇਤ ਬਲਾਕ ਦੇ ਕਈ ਇਲਾਕਿਆਂ ਵਿਚ ਸੜ੍ਹਕ ਸੰਪਰਕ ਟੁੱਟਣ ਕਾਰਨ ਹੜ੍ਹ ਨੋਡਲ ਅਧਿਕਾਰੀ ਡਾਕਟਰ ਬੌਬੀ ਗੁਲਾਟੀ ਦੀ ਅਗਵਾਈ ਵਿੱਚ ਟੀਮ ਵੱਲੋਂ ਕਿਸ਼ਤੀ ਰਾਹੀਂ ਦਵਾਈਆਂ ਅਤੇ ਹੋਰ ਮੈਡੀਕਲ ਸਮੱਗਰੀ ਦੀ ਸਪਲਾਈ ਕੀਤੀ ਗਈ। ਉਹਨਾਂ ਦੱਸਿਆ ਕਿ ਅੱਜ ਵੀ ਬਲਾਕ ਦੇ 30 ਤੋਂ ਵੱਧ ਪਿੰਡਾਂ ਵਿਚ ਮੈਡੀਕਲ ਕੈਂਪ ਲਾਏ ਗਏ ਹਨ ਅਤੇ ਘਰ ਘਰ ਜਾ ਕੇ ਵੀ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ, ਐੱਸ.ਆਈ ਸੁਖਬੀਰ ਸਿੰਘ, ਮੈਡੀਕਲ ਅਫ਼ਸਰ ਡਾ. ਦਿਨੇਸ਼ ਕੁਮਾਰ, ਡਾ.ਏ.ਪੀ ਸਿੰਘ ਚੰਦੇਲ, ਸੀ.ਐੱਚ.ਓ ਸ਼ਿਖਾ ਸ਼ਰਮਾ , ਅੰਜੂ ਸੈਣੀ, ਸੀ.ਓ ਭਰਤ ਕਪੂਰ, ਐਲ. ਐੱਚ.ਵੀ ਜਗਮੋਹਨ ਕੌਰ, ਏ.ਐੱਨ.ਐੱਮ ਰੇਣੁਕਾ, ਮਲਟੀ ਪਰਪਜ਼ ਹੈਲਥ ਵਰਕਰ ਪਰਮਿੰਦਰ ਸਿੰਘ, ਪ੍ਰਭਦੀਪ ਸਿੰਘ, ਪਰਮਿੰਦਰ ਸਿੰਘ, ਜਸਦੀਪ ਸਿੰਘ, ਅਮਨਦੀਪ ਸਿੰਘ, ਸੱਜਣ ਸਿੰਘ ਅਤੇ ਆਸ਼ਾ ਵਰਕਰ ਹਾਜ਼ਰ ਸਨ।














