ਸਿਹਤ ਵਿਭਾਗ ਵਲੋਂ ਹਲਕਾਅ ਦੇ ਟੀਕਾਕਰਨ ਵੱਲ ਦਿੱਤਾ ਜਾ ਰਿਹਾ ਹੈ ਖਾਸ ਧਿਆਨ  

13
ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ, ਸਿਵਲ ਸਰਜਨ ਫਾਜ਼ਿਲਕਾ ਡਾ. ਰਾਜ ਕੁਮਾਰ ਦੀ ਉਚੇਚੀ ਨਿਗਰਾਨੀ ਵਿਚ ਸਹਾਇਕ ਸਿਵਲ ਸਰਜਨ ਡਾਕਟਰ ਰੋਹਿਤ ਗੋਇਲ ਅਤੇ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ
ਰੇਬੀਜ਼ ਇਲਾਜ ਯੋਗ, ਟੀਕਾਕਰਨ 100% ਸੁਰੱਖਿਅਤ : ਡਾ. ਸੁਰੇਸ਼ ਕੰਬੋਜ
ਸਿਵਲ ਹਸਪਤਾਲ ਅਬੋਹਰ ਵਿਖੇ ਪਿਛਲੇ 4 ਮਹੀਨਿਆਂ ਵਿੱਚ 1500 ਤੋਂ ਵੱਧ ਨਵੇਂ ਲੋਕਾਂ ਦਾ ਕੀਤਾ ਗਿਆ ਟੀਕਾਕਰਨ
ਫਾਜ਼ਿਲਕਾ 24 August 2025 Aj Di Awaaj

Health Desk: ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ, ਸਿਵਲ ਸਰਜਨ ਫਾਜ਼ਿਲਕਾ ਡਾ. ਰਾਜ ਕੁਮਾਰ ਦੀ ਉਚੇਚੀ ਨਿਗਰਾਨੀ ਵਿਚ ਸਹਾਇਕ ਸਿਵਲ ਸਰਜਨ ਡਾਕਟਰ ਰੋਹਿਤ ਗੋਇਲ ਅਤੇ ਜ਼ਿਲ੍ਹਾ ਐਪੀਡਿਮਾਲੋਜਿਸਟ ਡਾਕਟਰ ਸੁਨੀਤਾ ਕੰਬੋਜ ਦੀ ਅਗਵਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਰੇਸ਼ ਕੰਬੋਜ ਦੀ ਦੇਖਰੇਖ ਵਿੱਚ ਸਿਵਲ ਸਟਾਫ਼ ਪੂਰੇ ਸਮਰਪਣ ਨਾਲ ਹਲਕਾਅ ਦੇ ਟੀਕਾਕਰਨ ਦੇ ਕੰਮ ਵਿੱਚ ਲਗਿਆ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸੁਰੇਸ਼ ਕੰਬੋਜ ਨੇ ਦੱਸਿਆ ਕਿ ਰੇਬੀਜ਼ ਇੱਕ ਗੰਭੀਰ ਅਤੇ ਜਾਨ ਲੇਵਾ ਬਿਮਾਰੀ ਹੈ ਜੋ ਰੇਬੀਜ਼ ਦੇ ਕਈ ਵਾਇਰਸਜ਼ ਵਿਚੋਂ ਕਿਸੇ ਇੱਕ ਨਾਲ ਹੋ ਸਕਦੀ ਹੈ। ਇਹ ਵਾਇਰਸ ਮਨੁੱਖ ਦੇ ਦਿਮਾਗ਼ ਅਤੇ ਨਾੜੀ ਪ੍ਰਬੰਧ ਨੂੰ ਪ੍ਰਭਾਵਿਤ ਕਰਦਾ ਹੈ। ਪ੍ਰੰਤੂ ਇਹ ਇਕ ਇਲਾਜਯੋਗ ਬਿਮਾਰੀ ਹੈ ਅਤੇ ਵੈਕਸੀਨੇਸ਼ਨ ਦੇ ਪੂਰੇ ਕੋਰਸ ਨਾਲ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਪਿਛਲੇ ਕੁਛ ਸਮੇਂ ਦੌਰਾਨ ਸ਼ਹਿਰ ਵਿੱਚ ਕੁੱਤਿਆਂ ਅਤੇ ਹੋਰ ਜਾਨਵਰਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਨਾਲ ਹੀ ਇਸ ਸਾਲ ਵਿੱਚ ਰੇਬੀਜ਼ ਕਾਰਨ ਹੋਈ ਕੁੱਛ ਮੌਤਾਂ, ਜਾਨਵਰਾਂ ਦੇ ਕੱਟਣ ਦੇ ਮਾਮਲਿਆਂ ਵਿੱਚ ਹੋਏ ਵਾਧੇ ਅਤੇ ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮਾਂ ਕਾਰਨ ਲੋਕ ਟੀਕਾਕਰਨ ਪ੍ਰਤੀ ਸਚੇਤ ਹੋਏ ਹਨ। ਇਸ ਤੋਂ ਇਲਾਵਾ ਸਿਵਲ ਹਸਪਤਾਲ ਅਬੋਹਰ ਵਿਖੇ ਐਂਟੀ ਰੇਬੀਜ਼ ਵੈਕਸੀਨੇਸ਼ਨ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।
ਐਂਟੀ ਰੇਬੀਜ਼ ਟੀਕਾਕਰਨ ਇੰਚਾਰਜ ਸਟਾਫ਼ ਨਰਸ ਰਿਤੂ ਵੱਧਵਾ ਨੇ ਦੱਸਿਆ ਕਿ ਨਵੇਂ ਤੇ ਪੁਰਾਣੇ ਕੇਸ ਮਿਲਾ ਕੇ ਕਈ ਵਾਰ ਇਕ ਦਿਨ ਵਿੱਚ 50 ਤੋਂ 60 ਲੋਕਾਂ ਨੂੰ ਵੀ ਹਸਪਤਾਲ ਵਿੱਚ ਇੰਜੈਕਸ਼ਨ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਵਿੱਚ 1500 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਜਾ ਚੁਕੇ ਹਨ। ਇਹਨਾਂ ਵਿੱਚ ਜਿਆਦਾਤਰ ਆਵਾਰਾ ਅਤੇ ਪਾਲਤੂ ਕੁੱਤੇ ਦੇ ਕੱਟਣ ਦੇ ਮਾਮਲੇ ਸ਼ਾਮਿਲ ਹਨ ਜਦਕਿ ਦੂਜੇ ਜਾਨਵਰਾਂ ਨਾਲ ਸੰਬੰਧਤ 120 ਦੇ ਲਗਭਗ ਕੇਸ ਹੀ ਦਰਜ ਹੋਏ ਹਨ। ਮਈ ਮਹੀਨੇ ਵਿੱਚ 318 ਨਵੇਂ, ਜੂਨ ਮਹੀਨੇ ਵਿੱਚ 306, ਜੁਲਾਈ ਮਹੀਨੇ ਵਿੱਚ 575 ਅਤੇ ਅਗਸਤ ਮਹੀਨੇ ਵਿੱਚ ਹੁਣ ਤਕ 267 ਲੋਕਾਂ ਨੇ ਇਹ ਵੈਕਸੀਨ ਲਗਵਾਈ ਹੈ।
ਟੀਕਾਕਰਨ ਦੀ ਡੋਜ਼ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜਾਨਵਰ ਦੇ ਕੱਟਣ ਦੇ ਪਹਿਲੇ, ਤੀਜੇ, ਸਤਵੇਂ ਅਤੇ 28ਵੇਂ ਦਿਨ 0.1 ਮਿ.ਲੀ ਦੀ ਡੋਜ਼ ਦੋਵੇਂ ਮੋਢਿਆਂ ਤੇ ਲਗਾਈ ਜਾਂਦੀ ਹੈ ਜੋ ਕਿ ਬਹੁਤ ਜਰੂਰੀ ਹੈ। ਜੇਕਰ ਜ਼ਖਮ ਡੂੰਗਾ ਹੋਵੇ ਜਾਂ ਸਿਰ ਦੇ ਨੇੜੇ ਹੋਵੇ ਤਾਂ ਇਸ ਨੂੰ ਤੀਜੀ ਕੈਟਾਗਰੀ ਦਾ ਮੰਨਦੇ ਹੋਏ ਵਿਅਕਤੀ ਦੇ ਭਾਰ ਦੇ ਮੁਤਾਬਕ ਸੀਰਮ ਦੀ ਡੋਜ਼ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਪਹਿਲੀ ਡੋਜ਼ ਦੇ ਨਾਲ ਟੇਟਨਸ ਦਾ ਇੰਜੈਕਸ਼ਨ ਲਗਾਇਆ ਜਾਂਦਾ ਹੈ। ਜਾਨਵਰ ਦੇ ਚੱਟਣ, ਝਰੀਟਾਂ ਮਾਰਨ ਅਤੇ ਦੰਦ ਮਾਰਨ ਨਾਲ ਹੋਏ ਜ਼ਖਮ ਨੂੰ ਸਾਬਣ ਖਾਸਤੌਰ ਤੇ ਕਪੜੇ ਧੋਣ ਵਾਲੇ ਦੇਸੀ ਸਾਬਣ ਨਾਲ ਵੱਗਦੇ ਪਾਣੀ ਵਿੱਚ 15 ਮਿੰਟਾਂ ਲਈ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇਨਫ਼ੈਕਸ਼ਨ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ।
ਡਾ. ਸੁਰੇਸ਼ ਕੰਬੋਜ ਨੇ ਦੱਸਿਆ ਕਿ ਹਲਕਾਅ ਦੇ ਇਲਾਜ ਬਾਰੇ ਲੋਕਾਂ ਵਿੱਚ ਕੁਝ ਗ਼ਲਤ ਧਾਰਨਾਵਾਂ ਵੀ ਹਨ। ਕਈ ਵਾਰ ਲੋਕ ਘਰੇਲੂ ਇਲਾਜ ਕਰਨਾ ਸ਼ੁਰੂ ਕਰ ਲੈਂਦੇ ਹਨ, ਜਿਸ ਨਾਲ ਇਨਫੈਕਸ਼ਨ ਦੇ ਵੱਧਣ ਦਾ ਖ਼ਤਰਾ ਹੋ ਸਕਦਾ ਹੈ। ਵਿਅਕਤੀ ਕਿਸੇ ਵੀ ਤਰਾਂ ਦੀ ਪੋਸ਼ਟਿਕ ਖੁਰਾਕ ਲੈ ਸਕਦਾ ਹੈ। ਗਰਭਵਤੀ ਔਰਤ ਜਾਂ ਦੁੱਧ ਪਿਆਉਣ ਵਾਲੀ ਮਾਵਾਂ ਨੂੰ ਵੀ ਲੋੜ ਪੈਣ ਤੇ ਐਂਟੀ ਰੇਬੀਜ਼ ਵੈਕਸੀਨ ਲਗਾਈ ਜਾ ਸਕਦੀ ਹੈ।
ਡਾ. ਸੁਰੇਸ਼ ਕੰਬੋਜ ਅਤੇ ਡਿਪਟੀ ਮਾਸ ਮੀਡਿਆ ਅਫਸਰ ਮਨਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਾਲਤੂ ਜਾਨਵਰਾਂ ਦੀ ਵੈਕਸੀਨੇਸ਼ਨ ਨੂੰ ਯਕੀਨੀ ਬਣਾਉਣ। ਇਸ ਦੇ ਨਾਲ ਹੀ ਜੇਕਰ ਕੋਈ ਵੀ ਵਿਅਕਤੀ ਆਵਾਰਾ ਜਾਂ ਬੇਸਹਾਰਾ ਜਾਨਵਰਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਐਂਟੀ ਰੇਬੀਜ਼ ਵੈਕਸੀਨ ਲਗਵਾਉਣ ਸੰਬੰਧੀ ਕਿਸੇ ਵੀ ਤਰਾਂ ਦੀ ਅਣਗਹਿਲੀ ਨਾ ਕੀਤੀ ਜਾਵੇ। ਇਸ ਮੌਕੇ ਫਾਰਮੇਸੀ ਅਫਸਰ ਹਰਿੰਦਰ ਪਾਲ ਕੌਰ, ਵਿਨੋਦ ਕੁਮਾਰ ਅਤੇ ਨਰਸਿੰਗ ਵਿਦਿਆਰਥੀ ਮੌਜੂਦ ਸਨ।