ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਡੇਂਗੂ ਤੇ ਚਲਾਈ ਹੱਲਾ ਬੋਲ ਮੁਹਿੰਮ

21

ਫਾਜ਼ਿਲਕਾ  13 ਅਕਤੂਬਰ 2025 AJ DI Awaaj

Punjab Desk : ਡੇਂਗੂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਡਾਕਟਰ ਰੋਹਿਤ ਗੋਇਲ ਸਿਵਲ ਸਰਜਨ ਫਾਜ਼ਿਲਕਾ ਦੇ ਹੁਕਮਾਂ ਅਨੁਸਾਰ ਡਾਕਟਰ ਅਰਪਿਤ ਗੁਪਤਾ ਸਹਾਇਕ ਸਿਵਲ ਸਰਜਨ ਅਤੇ ਡਾਕਟਰ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡੀਮੋਲੋਜਿਸਟ ਦੀ ਦੇਖ ਰੇਖ ਵਿੱਚ ਅਰਬਨ ਫਾਜ਼ਿਲਕਾ ਅਤੇ ਰੂਰਲ ਇਲਾਕਿਆਂ ਵਿੱਚ ਡੇਂਗੂ ਦੀ ਰੋਕਥਾਮ ਲਈ ਚੱਲ ਰਹੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਮਲਕਾਣਾ ਮੁਹੱਲੇ ਤੋਂ ਬਾਅਦ ਸ਼ਹਿਰ ਦੇ  ਮੁੱਖ  ਮੰਦਰ ਸ਼ੀਤਲ ਮੰਦਰ ਅਤੇ ਡੇਰਾ ਬਾਬਾ ਬਲਵੰਤ ਗਿਰੀ ਸ਼ਨੀਦੇਵ ਮੰਦਰ ਵਿਖੇ ਲਾਰਵਾ ਚੈਕ ਕੀਤਾ ਅਤੇ ਫੋਗਿੰਗ  ਕਰਵਾਈ ਗਈ.

ਡਾ ਅਰਪਿਤ ਗੁਪਤਾ ਨੇ ਦੱਸਿਆ ਕਿ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਅੱਜ ਸੋਮਵਾਰ  ਨੂੰ ਟੀਮਾਂ ਗਠਿਤ ਕਰਕੇ ਧੋਬੀ ਘਾਟ, ਦੁਰਗਾ ਕਲੋਨੀ, ਜੈਰਥ ਕਲੋਨੀ, ਕੈਲਾਸ਼ ਨਗਰ, ਨਹਿਰੂ ਨਗਰ, ਰਾਧਾ ਸੁਆਮੀ ਕਲੋਨੀ ਅਤੇ ਨਵੀਂ ਆਬਾਦੀ ਵਿੱਚ ਡੇਂਗੂ ਤੇ ਹੱਲਾ ਬੋਲ ਮੁਹਿੰਮ ਸ਼ੁਰੂ ਕਰਕੇ ਘਰ ਘਰ ਸਰਵੇ ਕਰਕੇ ਲਾਰਵਾ ਲੱਭਿਆ ਗਿਆ ਅਤੇ ਨਸ਼ਟ ਕੀਤਾ ਗਿਆ। ਨਗਰ ਕੌਂਸਲ ਦੇ ਸਹਿਯੋਗ ਨਾਲ ਡੇਂਗੂ ਪਾਜ਼ੇਟਿਵ ਘਰਾਂ ਵਿੱਚ ਅਤੇ ਸਾਰੇ ਮੁਹੱਲੇ ਵਿੱਚ ਗਲੀਆਂ ਵਿੱਚ ਫੋਗਿੰਗ ਕਰਵਾਈ ਗਈ। ਘਰਾਂ ਅਤੇ ਮੁਹੱਲਿਆਂ ਵਿੱਚ ਲੋੜ ਅਨੁਸਾਰ ਸਪ੍ਰੇਅ ਵੀ ਕਰਵਾਈ ਗਈ। ਜ਼ਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।

ਇਸ ਸਮੇਂ ਡਾਕਟਰ ਰੋਹਿਤ ਗੋਇਲ ਅਤੇ ਡਾਕਟਰ ਅਰਪਿਤ ਗੁਪਤਾ ਨੇ ਸਮਾਜਸੇਵੀ ਸੰਸਥਾਵਾਂ, ਮੀਡੀਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦਾ ਸਹਿਯੋਗ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜਾਗਰੂਕਤਾ ਅਤੇ ਸਾਵਧਾਨੀਆਂ ਰੱਖ ਕੇ ਡੇਂਗੂ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਉਹਨਾਂ ਦੱਸਿਆ ਕਿ ਡੇਂਗੂ ਦੂਸ਼ਿਤ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਜ਼ਿਆਦਾਤਰ ਦਿਨ ਵੇਲੇ ਹੀ ਕੱਟਦਾ ਹੈ।  ਇਸ ਲਈ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੂਲਰਾਂ ਅਤੇ ਗਮਲਿਆਂ ਦੀਆਂ ਟਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇਕ ਵਾਰ ਜਰੂਰ ਸਾਫ਼਼ ਕਰੋ, ਕੱਪੜੇ ਅਜਿਹੇ ਪਾਓ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟੇ, ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦਾ ਇਸਤੇਮਾਲ ਕਰੋ, ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ, ਸਿਰਫ਼ ਪੈਰਾਸੀਟਾਮੋਲ ਗੋਲੀ ਹੀ ਲਵੋ, ਛੱਤਾਂ ਤੇ ਰੱਖੀਆਂ ਪਾਣੀ ਦੀਆ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ, ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁਲ੍ਹੇ ਵਿੱਚ ਨਾ ਰੱਖੋ ਅਤੇ ਵਧੇਰੇ ਮਾਤਰਾ ਵਿੱਚ ਤਰਲ ਪਦਾਰਥ ਲਓ ਅਤੇ ਸੰਤੁਲਿਤ ਭੋਜਨ ਖਾਓ।

ਮਨਬੀਰ ਸਿੰਘ, ਦਿਵੇਸ਼ ਕੁਮਾਰ ਅਤੇ ਵਿੱਕੀ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਨੂੰ ਤੇਜ਼ ਬੁਖਾਰ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾਂ ਪਿੱਛੇ ਦਰਦ, ਸਿਰ ਦਰਦ, ਚਮੜੀ ਤੇ ਦਾਣੇ ਅਤੇ ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਆਵੇ ਤਾਂ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਟੈਸਟ ਅਤੇ ਇਲਾਜ ਕਰਵਾਓ। ਡੇਂਗੂ ਦਾ ਟੈਸਟ ਅਤੇ ਇਲਾਜ ਸਿਹਤ ਵਿਭਾਗ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।

ਇਸ ਮੌਕੇ ਗੁਰਜੰਟ ਸਿੰਘ, ਇੰਦਰਜੀਤ ਸਿੰਘ, ਵਿਕਾਸ ਕੁਮਾਰ, ਮੋਹਿਤ ਕੁਮਾਰ, ਬਨਵਾਰੀ ਲਾਲ ਅਤੇ ਮਨਜੋਤ ਸਿੰਘ ਇਨਸੈਕਟ ਕੂਲੈਕਟਰ ਮੌਜੂਦ ਸਨ।