ਸਿਹਤ ਵਿਭਾਗ ਨੇ ਤੰਬਾਕੂ ਸੇਵਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ

31
ਸਿਹਤ ਵਿਭਾਗ ਨੇ ਤੰਬਾਕੂ ਸੇਵਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ

ਕੀਰਤਪੁਰ ਸਾਹਿਬ 01 ਨਵੰਬਰ, 2025 ਅਜ ਦੀ ਆਵਾਜ਼

Health Desk: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਤੰਬਾਕੂ ਮੁਕਤ ਪੰਜਾਬ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਸਿਹਤ ਵਿਭਾਗ ਦੇ ਸਟਾਫ਼ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਤੰਬਾਕੂ ਵਿਰੁੱਧ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਮਜ਼ਬੂਤ ਤਰੀਕੇ ਨਾਲ ਚਲਾਉਣ। ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਨੋ ਤੰਬਾਕੂ ਦਿਵਸ ਮੌਕੇ ਪਿੰਡ ਭਰਤਗੜ੍ਹ ਵਿੱਚ ਕਮਿਊਨਿਟੀ ਹੈਲਥ ਸੈਂਟਰ ਵੱਲੋਂ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ ਗਈ।

 ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਤੰਬਾਕੂ ਦੇ ਸਰੀਰ ‘ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਤੰਬਾਕੂ ਛੱਡਣ ਲਈ ਪ੍ਰੇਰਿਤ ਕੀਤਾ  ਤੇ ਪਿੰਡ ਭਰਤਗੜ੍ਹ ਅਤੇ ਨੇੜਲੇ ਪਿੰਡਾਂ ਵਿੱਚ ਜਨਤਕ ਥਾਵਾਂ ‘ਤੇ ਤੰਬਾਕੂ ਦਾ ਪ੍ਰਯੋਗ ਕਰਨ ਵਾਲਿਆਂ ਉੱਤੇ ਕੋਟਪਾ ਐਕਟ ਤਹਿਤ ਜੁਰਮਾਨੇ ਵੀ ਕੀਤੇ ਗਏ। ਸੀਨੀਅਰ ਮੈਡੀਕਲ ਆਫੀਸਰ ਡਾ. ਆਨੰਦ ਘਈ ਨੇ ਕਿਹਾ ਕਿ ਤੰਬਾਕੂ ਸਿਰਫ਼ ਇੱਕ ਆਦਤ ਨਹੀਂ, ਸਗੋਂ ਇਹ ਸਿਹਤ ਲਈ ਘਾਤਕ ਜ਼ਹਿਰ ਹੈ। ਸਿਹਤ ਵਿਭਾਗ ਦਾ ਉਦੇਸ਼ ਹੈ ਕਿ ਹਰ ਵਿਅਕਤੀ ਤੰਬਾਕੂ-ਮੁਕਤ ਜੀਵਨ ਜੀਵੇ ਅਤੇ ਸਮਾਜ ਨੂੰ ਇਸ ਬੁਰੀ ਲਤ ਤੋਂ ਬਚਾਇਆ ਜਾਵੇ।  ਬਲਾਕ ਐਕਸਟੈਂਸ਼ਨ ਐਜੂਕੇਟਰ ਸਾਹਿਲ ਸੁਖੇਰਾ ਨੇ ਕਿਹਾ ਕਿ ਕੋਟਪਾ ਐਕਟ ਤਹਿਤ ਜਨਤਕ ਸਥਾਨਾਂ ‘ਤੇ ਤੰਬਾਕੂ ਦਾ ਪ੍ਰਯੋਗ ਕਰਨਾ ਅਪਰਾਧ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ ਦੇ ਨਿਯਮਾਂ ਦੀ ਪਾਲਣਾ ਕਰਨ ਤੇ ਆਪਣੇ ਪਰਿਵਾਰਾਂ ਨੂੰ ਵੀ ਇਸ ਬੁਰੀ ਆਦਤ ਤੋਂ ਦੂਰ ਰੱਖਣ। ਇਸ ਮੌਕੇ ਮੈਡੀਕਲ ਅਫਸਰ ਡਾ. ਕਰਨਬੀਰ ਥਾਪਰ, ਸੈਨਟਰੀ ਇੰਸਪੇਕਟਰ ਪਾਲ ਸਿੰਘ , ਹੇਲਥ ਵਰਕਰ ਲਖਵਿੰਦਰ ਸਿੰਘ ਅਤੇ ਨਵੀਨ ਕੁਮਾਰ ਨੇ ਪਿੰਡ ਵਾਸੀਆਂ ਨੂੰ ਤੰਬਾਕੂ ਦੇ ਖਤਰਨਾਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।