ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਹਾਈਪਰ ਟੈਂਨਸ਼ਨ ਦਿਵਸ

56

ਤਰਨ ਤਾਰਨ, 17 ਮਈ 2025 Aj Di awaaj

ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਾਇਰੈਕਟਰ, ਸਿਹਤ ਸੇਵਾਵਾਂ, ਪੰਜਾਬ ਡਾ ਹਿਤਿੰਦਰ ਕੌਰ ਦੀ ਰਹਿਨੁਮਾਈ ਅਤੇ ਜਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਸਨਿੱਚਰਵਾਰ ਨੂੰ ਸਿਹਤ ਵਿਭਾਗ ਵੱਲੋਂ ਜ਼ਿਲੇ ਦੇ ਵੱਖ-ਵੱਖ ਬਲਾਕਾਂ ਦੇ ਵਿੱਚ ਵਿਸ਼ਵ ਹਾਈਪਰ-ਟੈਂਨਸ਼ਨ ਦਿਵਸ ਮਨਾਇਆ ਗਿਆ। ਦਫਤਰ ਸਿਵਲ ਸਰਜਨ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਮਈ 17 ਨੂੰ ਵਿਸ਼ਵ ਹਾਈਪਰ-ਟੈਂਨਸ਼ਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਨਾਗਰਿਕਾਂ ਨੂੰ ਹਾਈਪਰ-ਟੈਂਨਸ਼ਨ ਜਾਂ ਫਿਰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਾਰੇ ਜਾਗਰੂਕ ਕਰਨਾ ਹੈ।

 ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਹਾਈਪਰ-ਟੈਂਨਸ਼ਨ ਇੱਕ ਗੈਰ ਸੰਚਾਰੀ ਰੋਗ ਹੈ ਅਤੇ ਵਿਅਕਤੀ ਨੂੰ ਇਸ ਤੋਂ ਬਚਾਅ ਲਈ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਦੀ ਲੋੜ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਲਈ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਵਿਭਾਗ ਵੱਲੋਂ ਹਾਈ ਬਲੱਡ ਪ੍ਰੈਸ਼ਰ ਬਾਰੇ ਮਰੀਜ਼ਾਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਇਲਾਜ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

 ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਹਾਈਪਰ-ਟੈਨਸ਼ਨ ਨੂੰ ਖਾਮੋਸ਼ ਕਾਤਲ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਹਾਈਪਰ ਟੈਂਨਸ਼ਨ ਤੋਂ ਪੀੜਿਤ ਵਿਅਕਤੀ ਸਮੇਂ ਸਿਰ ਆਪਣਾ ਇਲਾਜ ਨਹੀਂ ਕਰਵਾਉਂਦਾ ਤਾਂ ਇਹ ਹਾਰਟ ਅਟੈਕ ਦਾ ਵੱਡਾ ਕਾਰਨ ਬਣਦਾ ਹੈ। ਉਨਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਦਿਲ ਤੋਂ ਇਲਾਵਾ ਸਰੀਰ ਦੇ ਦੂਜੇ ਅੰਗਾਂ ਉੱਤੇ ਵੀ ਬਹੁਤ ਮਾੜਾ ਪ੍ਰਭਾਵ ਪਾਉਂਦਾ ਹੈ।

        ਡਾ ਰਾਏ ਨੇ ਕਿਹਾ ਕਿ ਦਿਨੋ ਦਿਨ ਵੱਧ ਰਹੇ ਹਾਈਪਰ ਟੈਂਨਸ਼ਨ ਦੇ ਮਰੀਜ਼ਾਂ ਦੀ ਗਿਣਤੀ ਦਾ ਮੁੱਖ ਕਾਰਨ ਵਿਅਕਤੀ ਦੀ ਵਧੀਆ ਜੀਵਨਸ਼ੈਲੀ ਨਾ ਹੋਣਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਲੋਕ ਤਲੇ ਅਤੇ ਮਸਾਲੇਦਾਰ ਬਾਜ਼ਾਰੀ ਖਾਣਿਆਂ ਨੂੰ ਤਰਜੀਹ ਦੇ ਰਹੇ ਹਨ, ਜੋ ਕਿ ਹਾਈਪਰ-ਟੈਨਸ਼ਨ ਦਾ ਇੱਕ ਮੁੱਖ ਕਾਰਨ ਹੈ। ਉਹਨਾਂ ਕਿਹਾ ਕਿ ਸਾਨੂੰ ਰੋਜ਼ਾਨਾ ਕੁਝ ਸਮਾਂ ਕਸਰਤ ਲਈ ਵੀ ਜਰੂਰ ਕੱਢਣਾ ਚਾਹੀਦਾ ਹੈ ਅਤੇ ਜੇਕਰ ਲੋੜ ਤੋਂ ਵੱਧ ਅਸੀਂ ਆਰਾਮ ਕਰਦੇ ਹਾਂ, ਤਾਂ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਹਾਈਪਰ -ਟੇਂਨਸ਼ਨ ਹੋਣ ਦਾ ਇੱਕ ਮੁੱਖ ਕਾਰਨ ਤਣਾਅ ਵੀ ਹੈ ਅਤੇ ਜੇਕਰ ਵਿਅਕਤੀ ਲੋੜ ਤੋਂ ਵੱਧ ਤਨਾਅ ਵਿੱਚ ਰਹਿੰਦਾ ਹੈ, ਤਾਂ ਉਸ ਨੂੰ ਵੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣੀ ਸੰਭਵ ਹੋ ਜਾਂਦੀ ਹੈ।

ਉਹਨਾਂ ਕਿਹਾ ਕਿ ਹਾਈਪਰ ਟੈਂਨਸ਼ਨ ਤੋਂ ਬਚਾ ਲਈ ਵਿਅਕਤੀ ਘੱਟ ਨਮਕ ਵਾਲੀ ਖੁਰਾਕ ਦਾ ਸੇਵਨ ਕਰੇ ਅਤੇ ਚਿਕਨਾਈ ਵਾਲੇ ਖਾਣੇ ਤੋਂ ਪਰਹੇਜ਼ ਕਰੇ। ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਤੰਬਾਕੂਨੋਸ਼ੀ ਅਤੇ ਸ਼ਰਾਬ ਦਾ ਸੇਵਨ ਵੀ ਹਾਈਪਰ ਟੈਂਨਸ਼ਨ ਦਾ ਮੁੱਖ ਕਾਰਨ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਹਾਈ ਬਲਡ-ਪ੍ਰੈਸ਼ਰ ਦੀ ਸਮੱਸਿਆ ਹੈ, ਤਾਂ ਉਹ ਇਸ ਨੂੰ ਬਿਲਕੁਲ ਵੀ ਅਣਗੋਲਿਆ ਨਾ ਕਰੇ ਅਤੇ ਸਮੇਂ ਸਮੇਂ ਸਿਰ ਨਜ਼ਦੀਕੀ ਸਿਹਤ ਕੇਂਦਰ ਵਿਖੇ ਜਾ ਕੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਏ।

ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫ਼ਸਰ, ਐਨ. ਸੀ. ਡੀ, ਡਾ ਸਤਵਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੇ ਵਿਸ਼ੇਸ਼ ਪ੍ਰੋਗਰਾਮ ਤਹਿਤ ਹਾਈਪਰ ਟੈਂਨਸ਼ਨ ਤੇ ਮਰੀਜ਼ਾਂ ਦਾ ਜਿੱਥੇ ਮੁਫਤ ਇਲਾਜ ਕੀਤਾ ਜਾ ਰਿਹਾ ਹੈ, ਉੱਥੇ ਨਾਲ ਹੀ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ, ਇਸ ਮੌਕੇ ਸਮੂਹ ਪ੍ਰੋਗਰਾਮ ਅਫਸਰ, ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।